ਲੰਗਾਹ ਨੂੰ ਅਦਾਲਤ 'ਚ ਕੀਤਾ ਪੇਸ਼

ਖ਼ਬਰਾਂ, ਪੰਜਾਬ

ਗੁਰਦਾਸਪੁਰ, 12 ਮਾਰਚ (ਹੇਮੰਤ ਨੰਦਾ) : ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ  ਲੰਗਾਹ ਦੇ ਰਾਜਨੀਤਕ ਜੀਵਨ ਨੂੰ ਤਹਿਸ-ਨਹਿਸ ਕਰਨ ਵਾਲੀ ਔਰਤ ਨੇ 28 ਫ਼ਰਵਰੀ ਨੂੰ ਅਪਣੇ ਬਿਆਨ ਤੋਂ ਮੁਕਰਨ ਤੋਂ ਬਾਅਦ ਅੱਜ ਫਿਰ ਸੁੱਚਾ ਸਿੰਘ  ਲੰਗਾਹ ਬਲਾਤਕਾਰ ਕੇਸ ਸਬੰਧੀ ਪੁਲਿਸ ਨੇ ਤਿੰਨ ਗਵਾਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜੋ ਸਿਟੀ ਪੁਲਿਸ ਨੇ ਲੰਗਾਹ ਵਿਰੁਧ ਬਣਾਏ ਕੇਸ ਵਿਚ ਦਰਜ ਕਰ ਰੱਖੇ ਸਨ। ਇਸ ਤੋਂ ਇਲਾਵਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਦਾਸਪੁਰ ਪ੍ਰੇਮ ਕੁਮਾਰ  ਦੀ ਅਦਾਲਤ ਵਿਚ ਪੁਲਿਸ ਨੇ ਜੋ ਤਿੰਨਾਂ ਗਵਾਹਾਂ ਦੇ ਬਿਆਨ ਦਰਜ ਕਰਵਾਏ ਉਨ੍ਹਾਂ ਵਿਚ ਇਕ ਸਹਾਇਕ ਪੁਲਿਸ ਇੰਸਪੈਕਟਰ ਜਸਵਿੰਦਰ ਸਿੰਘ, ਸਿਵਲ ਹਸਪਤਾਲ ਦੀ ਮਹਿਲਾ ਡਾ . ਚੇਤਨਾ ਅਤੇ ਪਿੰਡ ਲੰਗਾਹ ਜੱਟਾਂ ਦੇ ਸਹਿਕਾਰੀ ਬੈਂਕ ਦੇ ਮੈਨੇਜਰ ਅਜੇ ਕੁਮਾਰ ਸ਼ਾਮਲ ਸਨ । ਇਨ੍ਹਾਂ ਤਿੰਨਾਂ ਗਵਾਹਾਂ ਦੇ ਬਿਆਨ ਬੰਦ ਅਦਾਲਤ ਵਿਚ ਹੋਏ ਅਤੇ ਕਿਸੇ ਨੂੰ ਅਦਾਲਤ ਕੋਲ ਤਕ ਨਹੀਂ ਆਉਣ ਦਿਤਾ ਗਿਆ।  ਗਵਾਹੀ ਤੋਂ ਮੁਕਰਨ ਵਾਲੀ ਔਰਤ ਹਰਿੰਦਰ ਕੌਰ ਦਾ ਮੈਡੀਕਲ ਕਰਨ ਵਾਲੀ ਡਾ. ਚੇਤਨਾ ਨੇ ਅਪਣੇ ਬਿਆਨ ਵਿਚ ਔਰਤ ਦਾ ਮੈਡੀਕਲ ਕਰਨ ਦੀ ਪੁਸ਼ਟੀ ਕੀਤੀ ਅਤੇ ਮੈਡੀਕਲ ਸਬੰਧੀ ਸਿਵਲ ਹਸਪਤਾਲ ਦਾ ਰੀਕਾਰਡ ਵੀ ਅਦਾਲਤ ਵਿਚ ਪੇਸ਼ ਕੀਤਾ । ਜਦੋਂ ਇਹ ਗਵਾਹ ਬਿਆਨ ਅਦਾਲਤ ਵਿਚ ਕਲਮਬੱਧ ਕਰਵਾ ਰਹੇ ਸਨ ਤਦ ਸੁੱਚਾ ਸਿੰਘ ਲੰਗਾਹ ਵੀ ਅਦਾਲਤ ਵਿਚ ਮੌਜੂਦ ਸਨ । 

ਪੁਲਿਸ ਨੇ ਅਦਾਲਤ ਵਿਚ ਸਖ਼ਤ ਸੁਰੱਖਿਆ ਵਿਵਸਥਾ ਕਰ ਰੱਖੀ ਸੀ । 28 ਫ਼ਰਵਰੀ ਨੂੰ ਉਕਤ ਹਰਿੰਦਰ ਕੌਰ ਦੀ ਗਵਾਹੀ ਅਦਾਲਤ ਵਿਚ ਹੋਈ ਸੀ ਅਤੇ ਹਰਿੰਦਰ ਕੌਰ ਨੇ ਉਦੋਂ ਅਦਾਲਤ ਵਿਚ ਸੁੱਚਾ ਸਿੰਘ ਲੰਗਾਹ ਨੂੰ ਪਛਾਣਨ ਤੋਂ ਇਨਕਾਰ ਕਰ ਦਿਤਾ ਸੀ ਅਤੇ ਉਲਟਾ ਪੁਲਿਸ 'ਤੇ ਹੀ ਦੋਸ਼ ਲਗਾ ਦਿਤੇ ਸਨ ਕਿ 29 ਸਤੰਬਰ 2017 ਨੂੰ ਜੋ ਕੇਸ ਸੁੱਚਾ ਸਿੰਘ ਲੰਗਾਹ ਵਿਰੁਧ ਦਰਜ ਕੀਤਾ ਗਿਆ ਸੀ ਉਸ ਸਬੰਧੀ ਪੁਲਿਸ ਨੇ ਉਸ ਤੋਂ ਸਫ਼ੈਦ ਕਾਗ਼ਜ਼ਾਂ 'ਤੇ ਜ਼ਬਰਦਸਤੀ ਹਸਤਾਖਰ ਕਰਵਾਏ ਸਨ ਅਤੇ ਜੋ ਵੀ ਬਿਆਨ ਦਰਜ ਕੀਤੇ ਗਏ ਸਨ ਉਹ ਜ਼ਬਰਦਸਤੀ ਲਏ ਗਏ ਸਨ ।
ਇਸੇ ਤਰ੍ਹਾਂ ਜੋ ਸੀ. ਡੀ. ਕੁਕਰਮ ਸਬੰਧੀ ਚਰਚਿਤ ਹੋਈ ਅਤੇ ਪੁਲਿਸ ਨੇ ਜੋ ਕੇਸ ਵਿਚ ਸ਼ਾਮਲ ਕੀਤੀ ਹੈ, ਉਸ ਵਿਚ ਉਹ ਨਹੀਂ ਹੈ ਅਤੇ ਬਣੀ ਸੀਡੀ ਸਬੰਧੀ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ । ਸੁੱਚਾ ਸਿੰਘ ਲੰਗਾਹ ਨੇ ਉਸ ਤੋਂ ਕਿਸੇ ਤਰ੍ਹਾਂ ਦੀ ਜ਼ਬਰਦਸਤੀ ਨਹੀਂ ਕੀਤੀ । ਅਦਾਲਤ ਨੇ ਸੁੱਚਾ ਸਿੰਘ ਲੰਗਾਹ ਨੂੰ 26 ਮਾਰਚ ਨੂੰ ਮੁੜ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿਤੇ ਹਨ।