ਲਾਰੇਂਸ ਬਿਸ਼ਨੋਈ ਸਣੇ ਤਿੰਨ ਨੂੰ ਦੋ-ਦੋ ਸਾਲ ਦੀ ਕੈਦ

ਖ਼ਬਰਾਂ, ਪੰਜਾਬ

ਐਸ.ਏ.ਐਸ. ਨਗਰ, 23 ਅਕਤੂਬਰ (ਗੁਰਮੁਖ ਵਾਲੀਆ) : ਲਾਰੇਂਸ ਬਿਸ਼ਨੋਈ ਨੂੰ ਪੁਲਿਸ ਦੀ ਹਿਰਾਸਤ 'ਚੋਂ ਭਜਾ ਕੇ ਲੈ ਜਾਣ ਦੇ ਮਾਮਲੇ 'ਚ ਲਾਰੇਂਸ ਸਮੇਤ ਤਿੰਨ ਮੁਲਜ਼ਮਾਂ ਨੂੰ ਮੋਹਾਲੀ ਦੀ ਇਕ ਅਦਾਲਤ ਨੇ ਸਜ਼ਾ ਸੁਣਾਈ ਹੈ। ਇਹ ਸਜ਼ਾ ਮੋਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਆਸ਼ੁਲ ਬੇਰੀ ਦੀ ਅਦਾਲਤ ਵਿਚ ਸੁਣਾਈ ਗਈ ਹੈ। ਅਦਾਲਤ ਨੇ ਅੱਜ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮ ਲਾਰੇਂਸ ਬਿਸ਼ਨੋਈ ਨੂੰ ਧਾਰਾ-224 'ਚ 2 ਸਾਲ ਦੀ ਕੈਦ 5 ਹਜ਼ਾਰ ਰੁਪਏ ਜੁਰਮਾਨਾ, ਧਾਰਾ-225 ਬੀ 'ਚ 6 ਮਹੀਨੇ ਦੀ ਕੈਦ 2 ਹਜ਼ਾਰ ਜੁਰਮਾਨਾ ਅਤੇ ਧਾਰਾ-332 'ਚ 2 ਸਾਲ ਦੀ ਕੈਦ ਅਤੇ 3 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ, ਜਦੋਂ ਕਿ ਅਦਾਲਤ ਨੇ ਪੁਲਿਸ ਵਲੋਂ ਪੇਸ਼ ਚਲਾਨ 'ਚ ਲਗਾਈ ਇਰਾਦਾ ਕਤਲ ਦੀ ਧਾਰਾ-307 ਨੂੰ ਹਟਾ ਦਿਤਾ ਸੀ। ਇਸੇ ਤਰਾਂ ਮੁਲਜ਼ਮ ਰਾਣਾ ਕਰਮਨਜੀਤ ਸਿੰਘ ਅਤੇ ਯਾਦਵਿੰਦਰ ਸਿੰਘ ਯਾਦੂ ਨੂੰ ਧਾਰਾ-225 ਬੀ 6 ਮਹੀਨੇ ਕੈਦ 2 ਹਜ਼ਾਰ ਜੁਰਮਾਨਾ ਅਤੇ ਧਾਰਾ-332 'ਚ 2 ਸਾਲ ਕੈਦ ਅਤੇ 3 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ।