ਲਵਲੀ 'ਵਰਸਟੀ ਵਿਚ ਸਾਲਾਨਾ ਇਵੈਂਟ 'ਐਕਸਪਲੋਰਿਕਾ' ਕਰਵਾਇਆ

ਖ਼ਬਰਾਂ, ਪੰਜਾਬ

ਜਲੰਧਰ, 22 ਨਵੰਬਰ (ਸਤਨਾਮ ਸਿੰਘ ਸਿੱਧੂ) : ਸਕੂਲੀ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਿਖਿਆ ਦੇ ਬਾਅਦ ਕਰਿਅਰ ਬਾਰੇ ਸਹੀ ਮਾਰਗ ਦਰਸ਼ਨ ਕਰਨ ਲਈ ਲਵਲੀ ਪ੍ਰੋਫੈਸ਼ਨਲ ਯੂਨੀਵਰਸਟੀ ਨੇ ਦੋ ਦਿਨੀਂ ਸਾਲਾਨਾ ਇਵੈਂਟ 'ਐਕਸਪਲੋਰਿਕਾ' ਦਾ ਆਯੋਜਨ ਕੀਤਾ।ਇਸ ਇਵੈਂਟ 'ਚ 20,000 ਤੋਂ ਵੱਧ ਸਕੂਲੀ ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੇ ਭਾਗ ਲਿਆ, ਜਿਥੇ ਯੁਵਾ  ਵਿਦਿਆਰਥੀਆਂ ਨੇ ਯੂਨੀਵਰਸਟੀ ਜਿਹੇ ਵੱਡੇ ਪਲੇਟਫਾਰਮ 'ਤੇ ਅਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਅਤੇ ਅਪਣੀ ਵਿਸ਼ਾਲਤਮ ਭਾਗੀਦਾਰੀ ਦਿਖਾਈ। ਇਸ ਮੌਕੇ 'ਤੇ ਐਲ.ਪੀ.ਯੂ. ਦੇ ਵਖਰੇ ਵਿਭਾਗਾਂ ਦੇ ਵਿਦਿਆਰਥੀਆਂ ਅਤੇ ਫ਼ੈਕਟਲੀ ਮੈਂਬਰਾਂ ਵਲੋਂ 100 ਤੋਂ ਵੱਧ ਸਟਾਲ ਲਗਾਏ ਗਏ, ਜਿਥੇ ਉਨ੍ਹਾਂ ਨੂੰ ਉੱਚ ਸਿਖਿਆ ਦੇ ਪ੍ਰਤੀ ਵਖਰੇ ਅਨੁਸ਼ਾਸਨਾਂ ਬਾਰੇ ਵੀ ਦਸਿਆ ਗਿਆ।ਇਸ ਮੌਕੇ 'ਤੇ ਘਾਨਾ ਗਣਰਾਜ ਦੇ ਭਾਰਤ 'ਚ ਹਾਈ ਕਮਿਸ਼ਨਰ ਮਾਈਕਲ ਓਰਾਨ ਯਾ ਨੀ ਨਾਰਤੇ; ਯੂਗਾਂਡਾ ਦੀ ਚਾਰਜੇ-ਡੀ-ਅਫੇਅਰਜ਼ ਮਾਰਗਰੇਟ ਕੇਦਿਸੀ; ਈਰਾਨ ਦੇ ਰਾਜਦੂਤ ਮਹਾਮਹਿਮ ਸਯੱਯਦ ਮੋਹਮੱਦ ਰੇਜਾ ਖਲੀਲੀ ਅਤੇ ਹੋਰ ਰਾਜਨਾਇਕਾਂ ਨੇ ਬੁੱਧੀਮਤਾ ਨਾਲ ਭਰਪੂਰ ਇਵੈਂਟ ਦੀ ਸ਼ਲਾਘਾ ਕੀਤੀ। 

ਇਵੈਂਟ ਦੌਰਾਨ ਆਯੋਜਤ ਸਕੂਲੀ ਪ੍ਰਿੰਸੀਪਲਾਂ ਦੇ ਪ੍ਰੋਗਰਾਮ ਐਨ.ਸੀ.ਈ.ਆਰ.ਟੀ. ਦੀ ਡੀਨ ਅਕੈਡਮਿਕਸ ਸਰੋਜ ਯਾਦਵ ਨੇ ਮੌਜੂਦ ਪਿੰ੍ਰਸੀਪਲਾਂ ਨੂੰ ਸੁਝਾਅ ਦਿਤੇ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ।ਉਨ੍ਹਾਂ ਕਿਹਾ-'ਮੌਜੂਦ ਆੰਕੜਿਆਂ ਅਨੁਸਾਰ ਵਰਤਮਾਨ 'ਚ ਦੇਸ਼ 'ਚ 85 ਲੱਖ ਅਧਿਆਪਕ, 15 ਲੱਖ ਸਕੂਲਾਂ 'ਚ 25 ਕਰੋੜ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ ਅਤੇ ਇਸ ਸਿਖਿਆ ਦਾ ਸੰਚਾਲਨ 48 ਸਕੂਲੀ ਬੋਰਡਾਂ ਦੁਆਰਾ ਕੀਤਾ ਜਾਂਦਾ ਹੈ। ਇਸ ਤਰ੍ਹਾਂ ਅਧਿਆਪਕਾਂ ਅਤੇ ਪ੍ਰਿੰਸੀਪਲਾਂ 'ਤੇ ਬਹੁਤ ਜਿਆਦਾ ਜਿੰਮੇਵਾਰੀ ਹੈ। ਮੈਂ ਚਾਹੁੰਦੀ ਹਾਂ ਕਿ ਕਿਸੇ ਵੀ ਪ੍ਰਿੰਸੀਪਲ ਨੂੰ ਇਹ ਸੁਨਸ਼ਿਚਿਤ ਕਰਨਾ ਚਾਹੀਦਾ ਹੈ ਕਿ ਉਸ ਦੇ ਵਿਦਿਆਰਥੀ ਸਿਖਿਅਕ ਅਤੇ ਬੌਧਿਕ ਦੋਵੇਂ ਲੈਵਲਾਂ 'ਤੇ ਸ਼ਕਤੀਸ਼ਾਲੀ ਹੋਣ। ਸਾਨੂੰ ਅਪਣੇ ਪੁਰਾਣੇ ਸਮੇਂ ਦੀ ਗੁਰੂਕੁਲ ਸਿਖਿਆ ਵਿਧੀ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ। ਇਸ ਮੌਕੇ ਐਲ.ਪੀ.ਯੂ. ਦੇ ਚਾਂਸਲਰ ਅਸ਼ੋਕ ਮਿੱਤਲ ਨੇ ਵੀ ਅਪਣੇ ਵਿਚਾਰ ਸਾਂਝੇ ਕੀਤੇ। ਸਕੂਲੀ ਵਿਦਿਆਰਥੀਆਂ ਨੇ ਵਖਰੀ ਪ੍ਰਤਿਯੋਗੀ ਅਤੇ ਗ਼ੈਰ-ਪ੍ਰਤਿਯੋਗੀ ਮੁਕਾਬਲਿਆਂ 'ਚ ਵੀ ਭਾਗ ਲਿਆ ਅਤੇ ਨਕਦ ਪੁਰਸਕਾਰ ਵੀ ਪ੍ਰਾਪਤ ਕੀਤੇ।