ਲਵਲੀ ਯੂਨੀਵਰਸਟੀ ਦਾ ਏ.ਆਈ.ਯੂ. ਦੀ ਓਵਰਆਲ ਨੈਸ਼ਨਲ ਚੈਂਪਿਅਨਸ਼ਿਪ ਟਰਾਫ਼ੀ ਨਾਲ ਸਨਮਾਨ

ਖ਼ਬਰਾਂ, ਪੰਜਾਬ

ਜਲੰਧਰ, 21 ਫ਼ਰਵਰੀ (ਅਮਰਿੰਦਰ ਸਿੱਧੂ) : ਰਾਂਚੀ ਸ਼ਹਿਰ 'ਚ ਝਾਰਖੰਡ ਦੇ ਮੁੱਖ ਮੰਤਰੀ ਸ੍ਰੀ ਰਘੁਬਰ ਦਾਸ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਟੀ ਨੂੰ ਏ.ਆਈ.ਯੂ. ਦੀ ਓਵਰਆਲ (ਰਨਰ-ਅਪ) ਨੈਸ਼ਨਲ ਚੈਂਪਿਅਨਸ਼ਿਪ ਟਰਾਫ਼ੀ ਨਾਲ ਸਨਮਾਨਤ ਕੀਤਾ। ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਟੀਜ਼ (ਏਆਈਯੂ) ਦੇ 33ਵੇਂ ਰਾਸ਼ਟਰੀ ਯੁਵਾ ਮਹਾਂਉਤਸਵ ਯੂਨੀਫ਼ੈਸਟ-2018 'ਪਲਾਸ਼' 'ਚ ਐਲਪੀਯੂ ਨੇ ਵਖਰੀਆਂ ਪ੍ਰਤਿਯੋਗਤਾਵਾਂ 'ਚ ਸਰਵੋਤਮ ਪ੍ਰਦਰਸ਼ਨ ਕਰਦਿਆਂ ਓਵਰਆਲ ਪਹਿਲਾ ਰਨਰਅਪ ਚੈਂਪਿਅਨ ਦਾ ਖਿਤਾਬ ਜਿੱਤ ਲਿਆ ਹੈ। ਵਣਸਥਲੀ ਵਿਦਿਆਪੀਠ, ਰਾਜਸਥਾਨ ਸੈਕਿੰਡ ਰਨਰਅਪ ਅਤੇ ਬੀਐਚਯੂ ਥਰਡ ਰਨਰਅਪ ਰਿਹਾ। ਮਹਾਂਉਤਸਵ 'ਚ ਦੇਸ਼ ਭਰ ਦੇ ਲਗਭਗ 100 ਯੂਨੀਵਰਸਿਟੀਆਂ 'ਚੋਂ 1600 ਪ੍ਰਤੀਯੋਗੀਆਂ ਨੇ ਥੀਏਟਰ, ਫਾਈਨ ਆਰਟਸ, ਮਿਊਜ਼ਿਕ, ਡਾਂਸ, ਲਿਟਰੇਰੀ ਦੀਆਂ 26 ਪ੍ਰਤਿਯੋਗਤਾਵਾਂ 'ਚ ਹਿੱਸਾ ਲਿਆ।ਮਿਊਜ਼ਿਕ ਵਰਗ 'ਚ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਟੀ ਪਹਿਲੀ ਰਨਰਅਪ ਰਹੀ ਅਤੇ ਸੰਸਕ੍ਰਿਤਿਕ ਸ਼ੋਭਾ ਯਾਤਰਾ 'ਚ ਪਹਿਲੇ ਸਥਾਨ 'ਤੇ ਜਦਕਿ ਡਾਂਸ 'ਚ ਵਣਸਥਲੀ ਵਿਦਿਆਪੀਠ ਜੇਤੂ ਅਤੇ ਵਿਸ਼ਵ ਭਾਰਤੀ ਪੱਛਮੀ ਬੰਗਾਲ ਰਨਰਅਪ ਰਿਹਾ। ਲਿਟਰੇਰੀ 'ਚ ਦੇਵੀ ਅਹਿਲਯਾ ਯੂਨੀਵਰਸਟੀ ਇੰਦੌਰ ਰਨਰਅਪ ਰਹੀ। ਇਸ ਵਿਸ਼ਾਲ ਇਵੈਂਟ ਨੂੰ ਭਾਰਤ ਸਰਕਾਰ ਦੀ ਮਿਨਿਸਟਰੀ ਆਫ਼ ਯੂਥ ਵੈਲਫ਼ੇਅਰ ਐਂਡ ਸਪੋਰਟਸ ਵਲੋਂ ਸਪਾਂਸਰ ਕੀਤਾ ਗਿਆ ਸੀ। ਵਿਸ਼ਾਲ ਸਮਝੇ ਜਾਂਦੇ ਇਸ ਇਵੈਂਟ 'ਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਐਲਪੀਯੂ ਦੇ ਵਿਦਿਆਰਥੀ ਹੁਣ ਮਾਰਚ 2018 'ਚ ਹੀ ਗੁਜਰਾਤ 'ਚ ਆਯੋਜਤ ਹੋਣ ਜਾ ਰਹੇ ਸਾਊਥ-ਏਸ਼ੀਅਨ ਯੂਨੀਵਰਸਟੀਜ਼ ਫ਼ੈਸਟੀਵਲ (ਸੋਫ਼ੈਸਟ) 'ਚ ਵੀ ਅਪਣੀ ਕਲਾਵਾਂ ਦਾ ਪ੍ਰਦਰਸ਼ਨ ਕਰਨਗੇ ਜਿਸ ਦੀ ਵਿਦੇਸ਼ਾਂ ਤੋਂ ਆਏ ਕਈ ਪ੍ਰਤਿਨਿਧੀ ਸ਼ਲਾਘਾ ਕਰਨਗੇ।