ਲਵਿਦਾ 2017 : ਮੋਹਾਲੀ ਨਗਰ ਨਿਗਮ ਦੀਆਂ ਖੱਟੀਆਂ ਮਿੱਠੀਆਂ ਯਾਦਾਂ

ਖ਼ਬਰਾਂ, ਪੰਜਾਬ

ਐਸ.ਏ.ਐਸ. ਨਗਰ, 16 ਦਸੰਬਰ (ਕੁਲਦੀਪ ਸਿੰਘ) : ਨਗਰ ਨਿਗਮ ਦੀ ਚੁਣੀ ਹੋਈ ਕੌਂਸਲਰਾਂ ਦੀ ਜਮਾਤ ਨੂੰ ਤਿੰਨ ਸਾਲ ਪੂਰੇ ਹੋਣ ਵਿਚ ਤਿੰਨ ਕੁ ਮਹੀਨਿਆਂ ਦਾ ਹੀ ਵਕਫ਼ਾ ਰਹਿ ਗਿਆ ਹੈ। ਇਸ ਤੋਂ ਪਹਿਲੇ ਦੋ ਸਾਲ ਤਾਂ ਵਿਧਾਇਕ ਬਲਬੀਰ ਸਿੰਘ ਸਿੱਧੂ ਅਤੇ ਮੇਅਰ ਕੁਲਵੰਤ ਸਿੰਘ ਦੇ ਸੁਖਾਵੇਂ ਰਿਸ਼ਤਿਆਂ ਕਾਰਨ ਵਧੀਆ ਢੰਗ ਨਾਲ ਲੰਘ ਗਏ ਪਰ ਫ਼ਰਵਰੀ 2017 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਉਣ ਉਪਰੰਤ ਮੇਅਰ ਅਤੇ ਵਿਧਾਇਕ ਦੇ ਰਿਸ਼ਤਿਆਂ ਵਿਚ ਖਟਾਸ ਦਾ ਅਜਿਹਾ ਦੌਰ ਪੈਦਾ ਹੋਇਆ ਜਿਸ ਨਾਲ ਸ਼ਹਿਰ ਦੇ ਕਈ ਅਹਿਮ ਪ੍ਰਾਜੈਕਟ ਠੰਢੇ ਬਸਤੇ ਵਿਚ ਪੈ ਗਏ। ਕਾਫ਼ੀ ਸਮਾਂ ਤਾਂ ਨਗਰ ਨਿਗਮ ਵਲੋਂ ਕੋਈ ਵਿਕਾਸ ਕਾਰਜ ਹੀ ਨਹੀਂ ਹੋ ਸਕਿਆ। ਸ਼ਹਿਰ ਵਿਚ ਭਾਵੇਂ ਸਵੱੱਛ ਭਾਰਤ ਅਭਿਆਨ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚਲਣ ਦਾ ਦਾਅਵਾ ਤਾਂ ਕੀਤਾ ਜਾਂਦਾ ਰਿਹਾ ਪਰ ਨਾ ਤਾਂ ਸਫ਼ਾਈ ਢੰਗ ਦੀ ਹੋ ਸਕੀ ਅਤੇ ਨਾ ਹੀ ਇਸ ਦੇ ਨਾਲ ਜੁੜੀਆਂ ਆਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਸਮੱਸਿਆਂ, ਰੇਹੜੀਆਂ-ਫੜ੍ਹੀਆਂ ਦੀ ਸਮੱਸਿਆ ਦਾ ਕੋਈ ਹੱਲ ਹੋ ਸਕਿਆ। ਇਸ ਤੋਂ ਇਲਾਵਾ ਮੇਅਰ ਦਾ ਡਰੀਮ ਪ੍ਰਾਜੈਕਟ ਸਿਟੀ ਬੱਸ ਸਰਵਿਸ, ਜਿਸ ਨੂੰ ਬਾਕਾਇਦਾ ਤੌਰ 'ਤੇ ਨਿਗਮ ਦੀ ਮੀਟਿੰਗ ਵਿਚ ਪਾਸ ਕਰ ਕੇ ਵੀ ਭੇਜਿਆ ਗਿਆ ਸੀ, ਹਾਲੇ ਤਕ ਠੰਢੇ ਬਸਤੇ ਵਿਚ ਪਿਆ ਹੈ ਕਿਉਂਕਿ ਇਸ ਨੂੰ ਪਾਸ ਹੀ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਸਾਲਿਡ ਵੇਸਟ ਮੈਨੇਜਮੈਂਟ ਤਹਿਤ ਸਮਗੌਲੀ ਵਿਖੇ ਲਗਾਇਆ ਜਾਣ ਵਾਲਾ ਪਲਾਂਟ ਇਸ ਸਾਲ ਵੀ ਲਟਕ ਹੀ ਗਿਆ।ਆਵਾਰਾ ਪਸ਼ੂ : ਸ਼ਹਿਰ ਵਿਚ ਆਵਾਰਾ ਗਾਵਾਂ ਦੀ ਸਾਂਭ-ਸੰਭਾਲ ਲਈ ਗਊਸ਼ਾਲਾ ਵੀ ਬਣਾਈ ਗਈ ਅਤੇ ਇੱਥੇ ਕਈ ਗਾਵਾਂ ਦੀ ਸਾਂਭ-ਸੰਭਾਲ ਕੀਤੀ ਵੀ ਜਾ ਰਹੀ ਹੈ ਪਰ ਇਸ ਨਾਲ ਸ਼ਹਿਰ ਵਿਚਲਾ ਆਵਾਰਾ ਪਸ਼ੂਆਂ ਦਾ ਮਸਲਾ ਹੱਲ ਨਹੀਂ ਹੋ ਸਕਿਆ। ਸ਼ਹਿਰ ਵਿਚ ਪਏ ਕੂੜੇਦਾਨਾਂ 'ਤੇ ਹਾਲੇ ਵੀ ਪਸ਼ੂ ਮੂੰਹ ਮਾਰਦੇ ਦਿਖਾਈ ਦਿੰਦੇ ਹਨ। ਪਲਾਸਟਿਕ ਦੀਆਂ ਥੈਲੀਆਂ ਖਾਣ ਕਾਰਨ ਬੀਮਾਰ ਹੋਈਆਂ ਗਾਵਾਂ ਸੜਕਾਂ 'ਤੇ ਹੀ ਮਰਦੀਆਂ ਹਨ, ਪਸ਼ੂਆਂ ਨਾਲ ਹਾਦਸਿਆਂ ਵਿਚ ਕੀਮਤੀ ਜਾਨਾਂ ਜਾ ਰਹੀਆਂ ਹਨ। ਇਸੇ ਤਰ੍ਹਾਂ ਆਵਾਰਾ ਕੁੱਤਿਆਂ ਦੇ ਨਸਬੰਦੀ ਦੇ ਅਪਰੇਸ਼ਨਾਂ 'ਤੇ ਲੱਖਾਂ ਰੁਪਏ ਖ਼ਰਚ ਕੀਤੇ ਜਾਣ ਦੇ ਬਾਵਜੂਦ ਸ਼ਹਿਰ ਵਿਚ ਆਵਾਰਾ ਕੁੱਤਿਆਂ ਦੀ ਭਰਮਾਰ ਹੈ। ਮੈਕੇਨਾਈਜ਼ਡ ਸਵੀਪਿੰਗ ਹੋਈ ਫੇਲ : ਸ਼ਹਿਰ ਵਿਚ ਨਗਰ ਨਿਗਮ ਵਲੋਂ 13 ਕਰੋੜ ਸਾਲਾਨਾ ਦੀ ਦਰ ਨਾਲ ਮੈਕੇਨਾਈਜ਼ਡ ਅਤੇ ਮੈਨੂਅਲ ਸਵੀਪਿੰਗ (ਸਫ਼ਾਈ) ਦਾ ਠੇਕਾ ਦਿਤਾ ਸੀ। ਇਸ ਠੇਕੇਦਾਰ ਦੀ ਕਾਰਗੁਜ਼ਾਰੀ 'ਤੇ ਪਹਿਲੇ ਦਿਨ ਤੋਂ ਹੀ ਸਵਾਲ ਉਠਦੇ ਰਹੇ। ਸਫ਼ਾਈ ਦੀ ਹਾਲਤ ਵਿਚ ਕੋਈ ਬਹੁਤਾ ਸੁਧਾਰ ਨਾ ਹੋਇਆ ਜਦਕਿ ਠੇਕੇ ਦੀ ਰਕਮ ਦੁਗਣੀ ਕਰ ਦਿਤੀ ਗਈ ਸੀ। ਨਿਗਮ ਦੀ ਪਿਛਲੀ ਮੀਟਿੰਗ ਵਿਚ ਸ਼ਹਿਰ ਦੀ ਸਫ਼ਾਈ ਬਾਰੇ ਚਰਚਾ ਦੌਰਾਨ ਖ਼ੁਦ ਮੇਅਰ ਨੇ ਮੰਨਿਆ ਕਿ ਸਫ਼ਾਈ ਠੇਕੇਦਾਰ ਦਾ ਕੰਮ ਤਸੱਲੀਬਖ਼ਸ਼ ਨਹੀਂ ਹੈ।

ਉਮੀਦਵਾਰ ਚੋਣ ਜਿੱਤ ਕੇ ਆਏ ਸਨ। ਉਦੋਂ ਕਾਂਗਰਸ ਅਤੇ ਮੇਅਰ ਦੇ ਧੜੇ ਨੇ ਮਿਲ ਕੇ ਨਿਗਮ ਦੀ ਸਿਆਸਤ 'ਤੇ ਕਬਜ਼ਾ ਕੀਤਾ। ਦੋ ਸਾਲ ਬਾਅਦ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੇਅਰ ਕੁਲਵੰਤ ਸਿੰਘ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਕਾਂਗਰਸ ਇਹ ਚੋਣ ਜਿੱਤ ਗਈ ਅਤੇ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣ ਗਈ। ਬਲਬੀਰ ਸਿੰਘ ਸਿੱਧੂ ਮੁੜ ਵਿਧਾਇਕ ਚੁਣੇ ਗਏ। ਪੰਜਾਬ ਵਿਚ ਸੱਤਾ ਤਬਦੀਲੀ ਦੇ ਨਾਲ ਹੀ ਸਿਆਸੀ ਸਮੀਕਰਨ ਬਦਲ ਗਏ ਅਤੇ ਹਲਕਾ ਵਿਧਾਇਕ ਦਾ ਸਿਆਸੀ ਕਦ ਹੋਰ ਉੱਚਾ ਹੋ ਗਿਆ। ਨਿਗਮ ਦੇ ਸਿਆਸਤ 'ਤੇ ਕਾਬਜ਼ ਹੋਣ ਲਈ ਦੋਸਤ ਬਣੇ ਮੇਅਰ ਕੁਲਵੰਤ ਸਿੰਘ ਅਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਰਿਸ਼ਤਿਆਂ ਵਿਚ ਤਰੇੜਾਂ ਆਉਣ ਲੱਗੀਆਂ। ਤਾਜ਼ਾ ਹਾਲਾਤ ਇਹ ਹਨ ਕਿ ਮੇਅਰ ਕੁਲਵੰਤ ਸਿੰਘ ਕੋਲ ਅਪਣੇ 11 ਕੌਂਸਲਰ (ਜੋ ਹੁਣ ਅਕਾਲੀ ਹਨ), 23 ਅਕਾਲੀ-ਭਾਜਪਾ ਕੌਂਸਲਰ ਅਤੇ ਦੋ ਆਜ਼ਾਦ ਕੌਂਸਲਰ ਮਿਲਾ ਕੇ 36 ਕੌਂਸਲਰਾਂ ਦੀ ਤਾਕਤ ਹੈ ਜਦਕਿ ਕਾਂਗਰਸ ਕੋਲ ਉਹੀ 14 ਕੌਂਸਲਰ ਹਨ। ਇਸ ਹਾਲਾਤ ਵਿਚ ਭਾਵੇਂ ਨਿਗਮ ਵਿਚ ਮੇਅਰ ਕੁਲਵੰਤ ਸਿੰਘ ਤਕੜੇ ਹਨ ਪਰ ਸਿਆਸੀ ਤੌਰ 'ਤੇ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੋਣ ਕਾਰਨ ਸਥਾਨਕ ਸਰਕਾਰਾਂ ਵਿਭਾਗ ਵਿਚ ਹਲਕਾ ਵਿਧਾਇਕ ਦੀ ਪਕੜ ਮਜ਼ਬੂਤ ਹੈ। ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਨਿਗਮ ਵਿਚ ਚਲਦੀ ਇਸ ਸਿਆਸੀ ਖਾਨਾਜੰਗੀ ਦਾ ਖਮਿਆਜ਼ਾ ਪੂਰਾ ਸ਼ਹਿਰ ਭੁਗਤ ਰਿਹਾ ਹੈ।