ਲੋਕ ਸਭਾ ਮੈਂਬਰ ਵੱਲੋਂ ਪੰਜਾਬ 'ਚ ਅਫੀਮ ਤੇ ਭੁੱਕੀ ਦੀ ਖੇਤੀ ਕਰਨ ਦੀ ਮੰਗ

ਖ਼ਬਰਾਂ, ਪੰਜਾਬ

ਪੰਜਾਬ ਦੀ ਕਿਸਾਨੀ ਨੂੰ ਖੇਤੀ ਸੰਕਟ ਤੋਂ ਕੱਢਣ ਲਈ ਬਾਰ-ਬਾਰ ਅਫੀਮ ਤੇ ਭੁੱਕੀ ਦੀ ਖੇਤੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਪੰਜਾਬ ਵਿੱਚ ਅਫੀਮ ਤੇ ਭੁੱਕੀ ਦੀ ਖੇਤੀ ਕਰਨ ਦੀ ਮੰਗ ਕੀਤੀ ਹੈ।

ਇਸ ਸਬੰਧੀ ਸਾਈਂ ਮੀਆਂ ਮੀਰ ਫਾਊਂਡੇਸ਼ਨ ਵੱਲੋਂ ਅੰਮ੍ਰਿਤਸਰ ਵਿੱਚ ਇੱਕ ਵਿਚਾਰ-ਚਰਚਾ ਕੀਤੀ ਗਈ। ਜਿੱਥੇ ਧਰਮਵੀਰ ਗਾਂਧੀ ਨੇ ਕਿਹਾ ਕਿ ਕਿਹਾ ਕਿ ਅੱਜ ਪੰਜਾਬ ਨਸ਼ਿਆਂ ਕਾਰਨ ਬਹੁਤ ਹੀ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੈਕ, ਹੈਰੋਇਨ, ਸ਼ਰਾਬ ਤੇ ਹੋਰ ਘਾਤਕ ਸਿੰਥੈਟਿਕ ਨਸ਼ਿਆਂ ਨੂੰ ਖਤਮ ਕਰਨ ਲਈ ਅਫੀਮ ਤੇ ਭੁੱਕੀ ਦੀ ਕੁਦਰਤੀ ਖੇਤੀ ਪੰਜਾਬ ਵਿੱਚ ਸ਼ੁਰੂ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਪੁਲੀਸ ਦਾ ਗ਼ੈਰ-ਸਿਆਸੀਕਰਨ ਅਤੇ ਗੈਰ-ਅਪਰਾਧੀਕਰਨ ਬਹੁਤ ਜ਼ਰੂਰੀ ਹੈ।

ਸਿਹਤ ਵਿਭਾਗ ਪੰਜਾਬ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਜਗਜੀਤ ਸਿੰਘ ਚੀਮਾ ਨੇ ਕਿਹਾ ਕਿ ਜੇ ਪੰਜਾਬ ਵਿਚ ਕੁਦਰਤੀ ਨਸ਼ਿਆਂ ਦੀ ਖੇਤੀ ਸ਼ੁਰੂ ਹੋ ਜਾਵੇ ਤਾਂ ਡਰਗ ਮਾਫੀਆ ਅਤੇ ਨਸ਼ਿਆਂ ਦੀ ਮੰਡੀ ਆਪਣੇ ਆਪ ਖਤਮ ਹੋ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਿੰਥੈਟਿਕ ਨਸ਼ੇ ਖਾਣ ਵਾਲਿਆਂ ਨੂੰ ਕੁਦਰਤੀ ਨਸ਼ੇ ਦਿਓਗੇ ਤਾਂ ਉਨ੍ਹਾਂ ਦੀ ਜ਼ਿੰਦਗੀ ਬਚ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਪੰਜਾਬ ਨੂੰ ਡਰੱਗ ਮਾਫੀਆ ਤੋਂ ਬਚਾਉਣਾ ਹੈ ਤਾਂ ਨਸ਼ਾ ਵਿਰੋਧੀ ਐਕਟ ਵਿੱਚ ਸੋਧ ਕੀਤੀ ਜਾਵੇ।

ਫਾਊਂਡੇਸ਼ਨ ਵੱਲੋਂ ਚੇਅਰਮੈਨ ਹਰਭਜਨ ਸਿੰਘ ਬਰਾਡ਼ ਵੱਲੋਂ ਕਰਵਾਏ ਇਸ ਵਿਚਾਰ-ਚਰਚਾ ਵਿੱਚ ਬੁਲਾਰਿਆਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜੇ ਪੰਜਾਬ ਨੂੰ ਘਾਤਕ ਨਸ਼ਿਆਂ ਤੋਂ ਮੁਕਤ ਕਰਨਾ ਹੈ ਤਾਂ ਇਸ ਦਾ ਇਕੋ-ਇਕ ਹੱਲ ਹੈ ਕਿ ਇਥੇ ਅਫੀਮ ਦੀ ਕੁਦਰਤੀ ਖੇਤੀ ਸ਼ੁਰੂ ਕੀਤੀ ਜਾਵੇ। ਨਸ਼ਾ ਵਿਰੋਧੀ ਐਕਟ 1985 ਨਾਲ ਨਸ਼ਿਆਂ ਵਿੱਚ ਵਾਧਾ ਹੋਇਆ ਹੈ, ਡਰੱਗ ਮਾਫੀਆ ਦਾ ਪਾਸਾਰ ਹੋਇਆ ਹੈ, ਇਸ ਲਈ ਇਸ ਐਕਟ ਵਿਚ ਸੋਧ ਕੀਤੀ ਜਾਵੇ।