ਚੰਡੀਗੜ੍ਹ, 8 ਫ਼ਰਵਰੀ (ਸਸਸ): ਆਪਣੇ ਬੇਬਾਕ ਅਤੇ ਧੜੱਲੇਦਾਰ ਭਾਸ਼ਣ ਸ਼ੈਲੀ ਲਈ ਜਾਣੇ ਜਾਂਦੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਅੱਜ ਲੋਕ ਸਭਾ ਵਿਚ ਅਪਣੇ ਪਹਿਲੇ ਭਾਸ਼ਣ ਦੌਰਾਨ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ-ਕਿਸਾਨ ਦਾ ਰਾਗ ਅਲਾਪ ਰਹੀ ਹੈ ਪਰ ਦੇਸ਼ ਦਾ ਕਿਸਾਨ ਪੁਛ ਰਿਹਾ ਹੈ ਕਿ ਅਸਲ ਵਿਚ ਬਜਟ ਵਿਚ ਉਹ ਹੈ ਕਿਥੇ।ਜਾਖੜ ਨੇ ਅਪਣੇ ਭਾਸ਼ਣ ਵਿਚ ਕਿਹਾ ਕਿ ਵਿੱਤ ਮੰਤਰੀ ਨੇ ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ 'ਤੇ ਡੇਢ ਗੁਣਾ ਭਾਅ ਦੇਣ ਦਾ ਗੱਲ ਕੀਤੀ ਹੈ ਅਤੇ ਸੱਤਾ ਪੱਖ ਲਗਾਤਾਰ ਇਸ ਨੂੰ ਸਰਕਾਰ ਦੀ ਵੱਡੀ ਪ੍ਰਾਪਤੀ ਦੱਸ ਰਿਹਾ ਹੈ ਪਰ ਦੇਸ਼ ਦਾ ਕਿਸਾਨ ਪੁੱੱਛ ਰਿਹਾ ਹੈ ਕਿ ਕੀ ਉਸ ਨੂੰ ਕਿਹੜੀ ਲਾਗਤ ਦਾ ਡੇਢ ਗੁਣਾ ਭਾਅ ਦੇਣ ਦੀ ਗੱਲ ਹੋ ਰਹੀ ਹੈ, ਏ.2 ਅਤੇ ਕਿਸਾਨ ਦੀ ਮਜ਼ਦੂਰੀ ਦੇ ਜੋੜ ਦੀ ਲਾਗਤ ਦਾ ਜਾਂ ਉਸ ਦੇ ਸਮੁੱਚੇ ਖ਼ਰਚਿਆਂ ਦੇ ਡੇਢ ਗੁਣਾ ਦਾ। ਜਾਖੜ ਨੇ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਝੋਨੇ ਦੀ ਪਰਾਲੀ ਦੇ ਧੂੰਏ ਤੇ ਦਿੱਲੀ ਵਿਚ ਬਹੁਤ ਸਿਆਸਤ ਹੋ ਰਹੀ ਸੀ ਅਤੇ ਪੰਜਾਬ ਹਰਿਆਣਾ ਦੇ ਕਿਸਾਨ ਨੂੰ ਇਸ ਦੇ ਲਈ ਕੋਸਿਆ ਜਾ ਰਿਹਾ ਸੀ ਪਰ ਉਨ੍ਹਾਂ ਸਵਾਲ ਕੀਤਾ ਕਿ ਕੀ ਦਿੱਲੀ ਤਕ ਦੇਸ਼ ਭਰ ਵਿਚ ਆਤਮ ਹਤਿਆਵਾਂ ਕਰ ਰਹੇ ਕਿਸਾਨਾਂ ਦੀਆਂ ਚਿਖਾਵਾਂ ਦੀ ਅੱਗ ਦਾ ਧੂੰਆ ਨਹੀਂ ਪੁੱਜ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 3 ਸਾਲਾਂ ਵਿਚ ਦੇਸ਼ ਵਿਚ 36000 ਕਿਸਾਨ ਆਤਮ ਹਤਿਆਵਾਂ ਕਰ ਚੁਕੇ ਹਨ ਅਤੇ ਹਰ 45 ਮਿੰਟ ਬਾਅਦ ਦੇਸ਼ ਦਾ ਇਕ ਕਿਸਾਨ ਮੋਦੀ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਚੜ੍ਹੇ ਕਰਜ਼ ਕਾਰਨ ਆਤਮ ਹਤਿਆ ਕਰਨ ਲਈ ਮਜਬੂਰ ਹੋ ਰਿਹਾ ਹੈ।