ਲੋਂਗੇਵਾਲਾ ਦੀ ਲੜਾਈ ਦੇ ਹੀਰੋ ਨੇ ਕਿਹਾ

ਖ਼ਬਰਾਂ, ਪੰਜਾਬ

'ਆਖ਼ਰੀ ਸਾਹ ਤਕ ਦੇਸ਼ ਲਈ ਲੜਨ ਨੂੰ ਤਿਆਰ ਹਾਂ'

'ਆਖ਼ਰੀ ਸਾਹ ਤਕ ਦੇਸ਼ ਲਈ ਲੜਨ ਨੂੰ ਤਿਆਰ ਹਾਂ'

'ਆਖ਼ਰੀ ਸਾਹ ਤਕ ਦੇਸ਼ ਲਈ ਲੜਨ ਨੂੰ ਤਿਆਰ ਹਾਂ'

ਜੈਸਲਮੇਰ, 4 ਦਸੰਬਰ: ਰੇਗਿਸਤਾਨ ਦੀ ਸਰਦ ਰਾਤ 'ਚ ਪਾਕਿਸਤਾਨੀ ਫ਼ੌਜ ਦੇ ਸੈਂਕੜੇ ਜਵਾਨਾਂ ਦੇ ਰਾਜਸਥਾਨ 'ਚ ਵੜਨ ਦੇ ਡਰਾਉਣੇ ਸੁਪਨੇ ਨੂੰ ਸਾਡੇ ਸਿਰਫ਼ 120 ਜਵਾਨਾਂ ਦੀ ਬਹਾਦੁਰੀ ਨੇ ਤੋੜ ਦਿਤਾ ਸੀ। 23ਵੀਂ ਪੰਜਾਬ ਰੈਜੀਮੈਂਟ ਦੇ ਉਨ੍ਹਾਂ ਜਵਾਨਾਂ ਦੀ ਅਗਵਾਈ ਕਰਨ ਵਾਲੇ ਮੇਜਰ ਕੁਲਦੀਪ ਸਿੰਘ ਚਾਂਦਪੁਰੀ 1971 ਦੀ ਜਿੱਤ ਦਾ ਸਿਹਰਾ ਉਨ੍ਹਾਂ ਜਵਾਨਾਂ ਨੂੰ ਦਿੰਦਿਆਂ ਅੱਜ ਵੀ ਖ਼ੁਦ ਨੂੰ ਸਰਹੱਦ ਉਤੇ ਲੜਨ ਲਈ ਤਿਆਰ ਦਸਦੇ ਹਨ ਅਤੇ ਕਹਿੰਦੇ ਹਨ ਕਿ ਉਹ ਆਖ਼ਰੀ ਸਾਹ ਤਕ ਦੇਸ਼ ਲਈ ਮੌਜੂਦ ਹਨ।ਜੈਸਲਮੇਰ ਤੋਂ ਲਗਭਗ 120 ਕਿਲੋਮੀਟਰ ਦੂਰ ਲੋਂਗੇਵਾਲਾ ਪੋਸਟ 'ਤੇ ਜਾ ਕੇ 46 ਸਾਲ ਪਹਿਲਾਂ ਦੀ ਚਾਰ-ਪੰਜ ਦਸੰਬਰ ਦੀ ਉਸ ਦਰਮਿਆਨੀ ਰਾਤ ਦੇ ਦ੍ਰਿਸ਼ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਉਥੇ ਖੜੇ ਪਾਕਿਸਤਾਨ ਦੇ ਟੈਂਕ ਤੁਹਾਨੂੰ ਭਾਰਤੀ ਫ਼ੌਜੀਆਂ ਦੀ ਬਹਾਦੁਰੀ ਦੀ ਕਹਾਣੀ ਦਸਦੇ ਹਨ। ਕੁੱਝ ਸਾਲ ਪਹਿਲਾਂ ਪੋਸਟ ਨੂੰ ਆਮ ਲੋਕਾਂ ਲਈ ਖੋਲ੍ਹਿਆ ਗਿਆ ਸੀ ਅਤੇ ਤੁਹਾਨੂੰ ਵੀ ਉਸ ਰੇਤ ਦੇ ਗਰਤ 'ਚ ਦੱਬੀ ਭਾਰਤ ਦੇ ਜੰਗਬਾਜ਼ਾਂ ਦੀ ਕਹਾਣੀ ਨੂੰ ਸਾਹਮਣੇ ਤੋਂ ਮਹਿਸੂਸ ਕਰ ਸਕਦੇ ਹੋ।ਮੇਜਰ ਚਾਂਦਪੁਰੀ ਪੰਜ ਦਸੰਬਰ ਦੀ ਸਵੇਰ ਯਾਨੀ ਕਿ ਕਲ ਲੋਂਗੇਵਾਲਾ ਦੀ ਉਸ ਪੋਸਟ 'ਤੇ ਕਰਵਾਏ ਜਾ ਰਹੇ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ ਜੋ 1971 'ਚ ਭਾਰਤੀ ਫ਼ੌਜ ਦੀ ਬਹਾਦੁਰੀ ਦਾ ਗਵਾਹ ਬਣਿਆ ਸੀ। ਸਿਹਤ ਠੀਕ ਨਹੀਂ ਅਤੇ ਉਮਰ ਵੀ ਕਾਫ਼ੀ ਹੋ ਚੁੱਕੀ ਹੈ ਪਰ ਅਧਿਕਾਰੀਆਂ ਦੀ ਬੇਨਤੀ 'ਤੇ 77 ਸਾਲਾਂ ਦੇ ਚਾਂਦਪੁਰੀ ਲੋਂਗੇਵਾਲਾ ਪੁੱਜ ਰਹੇ ਹਨ। 

ਮੇਜਰ ਚਾਂਦਪੁਰੀ ਚੰਡੀਗੜ੍ਹ 'ਚ ਰਹਿੰਦੇ ਹਨ। ਉਨ੍ਹਾਂ ਨੇ ਫ਼ੋਨ 'ਤੇ ਇਕ ਲੰਮੀ ਗੱਲਬਾਤ 'ਚ ਦਸਿਆ ਕਿ ਉਨ੍ਹਾਂ ਨੂੰ ਜਦੋਂ ਵੀ ਫ਼ੌਜ ਦੇ ਅਧਿਕਾਰੀ ਕਿਸੇ ਵੀ ਪ੍ਰੋਗਰਾਮ ਲਈ ਦਸਦੇ ਹਨ ਤਾਂ ਉਹ ਜ਼ਰੂਰ ਜਾਂਦੇ ਹਨ ਭਾਵੇਂ ਸਿਹਤ ਸਾਥ ਨਾ ਵੀ ਦੇ ਰਹੀ ਹੋਵੇ। ਬੜੇ ਠਰੰਮੇ ਨਾਲ ਗੱਲਬਾਤ 'ਚ ਉਨ੍ਹਾਂ ਕਿਹਾ, ''ਮੈਂ ਕਦੇ ਨਾਂਹ ਨਹੀਂ ਕਿਹਾ। ਜਦੋਂ ਤਕ ਜ਼ਿੰਦਾ ਹਾਂ, ਦੇਸ਼ ਲਈ ਹਾਂ। ਫ਼ੌਜ ਜਦੋਂ ਚਾਹੇ, ਮੈਂ ਹਾਜ਼ਰ ਹਾਂ। ਆਖ਼ਰੀ ਸਾਹ ਤਕ ਲੋਂਗੇਵਾਲਾ ਜਾਂਦਾ ਰਹਾਂਗਾ।'' ਮੇਜਰ ਚਾਂਦਪੁਰੀ ਨੇ ਤਾਂ ਇਹ ਵੀ ਕਿਹਾ, ''ਸਾਨੂੰ ਤਾਂ ਸਰਹੱਦ 'ਤੇ ਸੱਦ ਲੈਣ ਤਾਂ ਅੱਜ ਵੀ ਲੜਨ ਨੂੰ ਤਿਆਰ ਬੈਠੇ ਹਾਂ। ਸਾਰੀ ਉਮਰ ਇਹੀ ਕੰਮ ਕੀਤਾ ਤਾਂ ਡਰਨਾ ਕਿਸ ਗੱਲ ਦਾ।''1971 ਦੀ ਲੜਾਈ 'ਚ ਭਾਰਤੀ ਫ਼ੌਜ ਦੇ ਕਾਰਨਾਮੇ ਨੂੰ ਬਿਆਨ ਕਰਦਿਆਂ ਦਸਿਆ ਕਿ ਟੀ59 ਟੈਂਕਾਂ ਨਾਲ ਆਏ ਪਾਕਿਸਤਾਨ ਦੇ ਸੈਂਕੜੇ ਜਵਾਨਾਂ ਨੂੰ ਰੋਕ ਕੇ ਰੱਖਣ ਅਤੇ ਲੋਂਗੇਵਾਲਾ ਤੋਂ ਅੱਗੇ ਨਾ ਵਧਣ ਦੇਣ 'ਚ ਮੇਰੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਲੜੇ ਜਵਾਨਾਂ ਦੀ ਸੱਭ ਤੋਂ ਤਾਰੀਫ਼ ਵਾਲੀ ਪੂਮਿਕਾ ਰਹੀ।

ਮੌਤ ਸਾਹਮਣੇ ਵੇਖ ਕੇ ਵੀ ਪੈਰ ਪਿੱਛੇ ਨਾ ਖਿੱਚਣ ਵਾਲੇ ਇਨ੍ਹਾਂ ਜਵਾਨਾਂ ਦੀ ਬਹਾਦੁਰੀ ਕਰ ਕੇ ਹੀ ਬਹੁਤ ਮੁਸ਼ਕਲ ਸਥਿਤੀਆਂ 'ਚ ਲੜਾਈ ਲੜੀ ਗਈ ਅਤੇ ਦੁਸ਼ਮਣ ਦੇ ਦੰਦ ਖੱਟੇ ਕੀਤੇ ਗਏ। ਉਨ੍ਹਾਂ ਕਿਹਾ ਕਿ ਫ਼ੌਜੀ ਵਜੋਂ ਉਹ ਉਨ੍ਹਾਂ ਜਵਾਨਾਂ ਦੇ ਸਿਰ ਹੀ ਇਸ ਜਿੱਤ ਦਾ ਸਿਹਰਾ ਬੰਨ੍ਹਣਗੇ।ਕੁਲਦੀਪ ਸਿੰਘ ਚਾਂਦਪੁਰੀ ਨੇ ਕਿਹਾ, ''ਸਾਡੇ ਕੋਲ ਟੈਂਕ ਨਹੀਂ ਸਨ। ਅਸੀਂ ਚਾਰੇ ਪਾਸਿਆਂ ਤੋਂ ਘਿਰੇ ਹੋਏ ਸੀ। ਉਸ 'ਤੇ ਵੀ ਰੇਤ ਦੇ ਗੁਬਾਰ ਚੁਨੌਤੀ ਪੈਦਾ ਕਰਨ ਵਾਲੇ ਸਨ। ਸਰਦ ਰਾਤ ਭਿਆਨਕ ਲੰਮੀ ਲੱਗ ਰਹੀ ਸੀ। ਅਸੀਂ ਦਿਨ ਚੜ੍ਹਨ ਦੀ ਅਰਦਾਸ ਕਰ ਰਹੇ ਸੀ ਤਾਕਿ ਹਵਾਈ ਫ਼ੌਜ ਦੇ ਜਹਾਜ਼ ਆ ਸਕਣ।'' ਆਖ਼ਰ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਨੇ ਆ ਕੇ ਦੁਸ਼ਮਣ ਦੇ ਕਈ ਟੈਂਕਾਂ ਨੂੰ ਤਬਾਹ ਕੀਤਾ ਅਤੇ ਲੋਂਗੇਵਾਲਾ ਦੇ ਰਸਤੇ ਰਾਜਸਥਾਨ ਅੰਦਰ ਤਕ ਆਉਣ ਅਤੇ ਇੱਥੇ ਵੱਡੇ ਹਿੱਸੇ 'ਤੇ ਕਬਜ਼ਾ ਕਰਨ ਦੀ ਗੁਆਂਢੀ ਦੇਸ਼ ਦੀ ਸਾਜ਼ਸ਼ ਨਾਕਾਮ ਹੋ ਗਈ।    (ਪੀਟੀਆਈ)