ਲੁਟੇਰਾ ਗਰੋਹ ਵਲੋਂ ਡੇਰੇ 'ਤੇ ਹਮਲਾ, ਨਕਦੀ ਤੇ ਗਹਿਣੇ ਲੁੱਟ ਕੇ ਫ਼ਰਾਰ

ਖ਼ਬਰਾਂ, ਪੰਜਾਬ

ਮੁਕੇਰੀਆਂ, 28 ਦਸੰਬਰ (ਹਰਦੀਪ ਸਿੰਘ ਭੰਮਰਾ)  : ਬੀਤੀ ਅੱਧੀ ਰਾਤ ਨੇੜਲੇ ਪਿੰਡ ਛੰਨਾ ਰਾਏ ਈਦੇ ਖਾਂ ਦੇ ਬਾਹਰਵਾਰ ਖੇਤਾਂ ਵਿਚ ਪੈਂਦੇ ਇਕ ਘਰੇਲੂ ਡੇਰੇ 'ਤੇ ਹਮਲਾ ਕਰ ਕੇ ਅਣਪਛਾਤੇ ਲੋਕਾਂ ਦੇ ਇਕ 14-15 ਮੈਂਬਰੀ ਗਰੋਹ ਨੇ ਘਰ ਵਾਲਿਆਂ ਦੀ ਕੁੱਟਮਾਰ ਕਰ ਕੇ ਗਹਿਣੇ 'ਤੇ ਨਕਦੀ ਲੁੱਟ ਲਈ। ਇਸ ਗਰੋਹ ਨੇ ਇਕ ਹੋਰ ਘਰ ਤੇ ਹਮਲਾ ਵੀ ਕੀਤਾ, ਪਰ ਰੌਲਾ ਪੈਣ ਕਾਰਨ ਉਹ ਫ਼ਰਾਰ ਹੋ ਗਏ। ਜਦਕਿ ਪਿੰਡ ਪਲਾਕੀ ਦੇ ਬਾਹਰਵਾਰ ਪੈਂਦੇ ਇਕ ਗੁਰਦੁਆਰੇ 'ਤੇ ਵੀ ਗਰੋਹ ਨੇ ਹਮਲਾ ਕੀਤਾ, ਪਰ ਦਰਵਾਜੇ ਨਾ ਖੋਲ੍ਹਣ ਕਾਰਨ ਬਚਾਅ ਹੋ ਗਿਆ। ਇਸ ਸਬੰਧੀ ਛੰਨਾ ਰਾਏ ਈਦੇ ਖਾਂ ਵਾਲੇ ਘਰੇਲੂ ਡੇਰੇ ਦੇ ਮਾਲਕ ਦਿਲਾਵਰ ਸਿੰਘ ਨੇ ਦਸਿਆ ਕਿ ਬੀਤੀ ਰਾਤ ਕਰੀਬ 1.30 ਵਜੇ ਉਹ ਆਪਣੇ ਘਰ ਦੇ ਬਾਹਰ ਆਮ ਵਾਂਗ ਸੁੱਤਾ ਪਿਆ ਸੀ, ਜਦਕਿ ਬਾਕੀ ਪਰਵਾਰਕ ਮੈਂਬਰਘਰ ਦੇ ਅੰਦਰ ਸੁੱਤੇ ਪਏ ਸਨ। ਇਸੇ ਦੌਰਾਨ ਮਹਿਸੂਸ ਹੋਇਆ, ਜਿਵੇਂ ਕੋਈ ਕੰਧ ਟੱਪ ਕੇ ਘਰ ਅੰਦਰ ਦਾਖ਼ਲ ਹੋਇਆ ਹੋਵੇ। ਜਦੋਂ ਉੱਠ ਕੇ ਦੇਖਿਆ ਤਾਂ ਮੇਰੀ ਰਜਾਈ ਨੂੰ 5-6 ਅਣਪਛਾਤੇ ਵਿਆਕਤੀਆਂ ਨੇ ਚਾਰੇ ਪਾਸੇ ਤੋਂ ਦੱਬ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ। ਉਨ੍ਹਾਂ ਕੁੱਟਮਾਰ ਕਰ ਕੇ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਰਜਾਈ ਵਿਚ ਹੀ ਟਿਕੇ ਰਹਿਣ ਦੀ ਹਦਾਇਤ ਕੀਤੀ। ਉਪਰੰਤ ਉਕਤਾਂ ਨੇ ਉਸ ਨੂੰ ਮੰਜੇ ਸਮੇਤ ਚੁੱਕ ਕੇ ਘਰ ਦੇ ਸਟੋਰ ਅੰਦਰ ਬੰਦ ਕਰ ਕੇ ਬਾਹਰੋਂ ਕੁੰਡੀ ਲਗਾ ਦਿਤੀ। ਰੌਲਾ ਪੈਣ 'ਤੇ ਜਦੋਂ ਉਸ ਦੀ ਪਤਨੀ ਤੇ ਮਾਂ ਉੱਠੀ ਤਾਂ ਲੁਟੇਰਿਆਂ ਨੇ ਉਨ੍ਹਾਂ ਦੀ ਵੀ ਕੁੱਟਮਾਰ ਕਰ ਕੇ ਕਮਰੇ ਅੰਦਰ ਬੰਦ ਕਰ ਦਿਤਾ ਅਤੇ ਘਰ ਅੰਦਰ ਪਏ ਸੋਨੇ ਦੇ ਗਹਿਣੇ ਤੇ ਕਰੀਬ 30 ਹਜ਼ਾਰ ਦੀ ਨਕਦੀ ਲੈ ਕੇ ਚਲੇ ਗਏ। ਦਿਲਾਵਰ ਸਿੰਘ ਨੇ ਦਸਿਆ ਕਿ ਜਦੋਂ ਉਹ ਘਰੋਂ ਬਾਹਰ ਨਿਕਲੇ ਤਾਂ ਉਸ ਨੇ ਰੌਲਾ ਪਾ ਕੇ ਨੇੜਲੇ ਗੁੱਜ਼ਰਾਂ ਦੇ ਡੇਰਿਆਂ ਵਾਲਿਆਂ ਸਮੇਤ ਲੋਕਾਂ ਨੂੰ ਜਗਾਇਆ, ਜਿਸ 'ਤੇ ਲੁਟੇਰਾ ਗਰੋਹ ਦੂਜੇ ਘਰ 'ਚੋਂ ਚੋਰੀ ਕੀਤੇ ਬਿਨਾਂ ਭੱਜ ਗਿਆ।