ਚੰਡੀਗੜ੍ਹ, 28 ਫ਼ਰਵਰੀ (ਜੀ.ਸੀ. ਭਾਰਦਵਾਜ) : ਉਂਜ ਤਾਂ ਪੰਜਾਬੀ ਨੌਜਵਾਨ ਤੇ ਮੁਟਿਆਰਾਂ ਜ਼ਿੰਦਗੀ ਦੇ ਹਰ ਖੇਤਰ, ਫ਼ੌਜ, ਸਿਆਸਤ, ਵਿਦਿਅਕ, ਖੇਡਾਂ, ਆਰਥਕ ਅਤੇ ਵਿਦੇਸ਼ਾਂ ਵਿਚ ਇਨਸਾਨੀਅਤ ਦੀ ਸੇਵਾ ਵਿਚ ਲੱਗੇ ਹੋਏ ਹਨ ਤੇ ਟੀਚਿਆਂ ਦੀ ਪ੍ਰਾਪਤੀ ਤੋਂ ਬਾਅਦ ਵੀ ਵਿਸ਼ਵ ਰੀਕਾਰਡ ਬਣਾਈ ਜਾ ਰਹੇ ਹਨ ਪਰ ਦੇਸ਼ ਦੇ ਕਬਾਇਲੀ ਖਿੱਤੇ ਵਿਚ ਮਨੁੱਖਤਾ ਦੀ ਸੇਵਾ ਵਿਚ ਲੱਗੀ ਆਈਏਐਸ ਅਧਿਕਾਰੀ ਡਾ. ਸਲੂਨੀ ਸਿਡਾਨਾ ਇਸ ਕਤਾਰ ਵਿਚ ਸੱਭ ਤੋਂ ਅੱਗੇ ਹੈ। ਕੁੱਝ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਦੀ ਪ੍ਰੈੱਸ ਗੈਲਰੀ ਕਮੇਟੀ ਦੇ ਮੈਂਬਰਾਂ ਵਲੋਂ ਮੱਧ ਪ੍ਰਦੇਸ਼ ਦੇ ਕੀਤੇ ਦੌਰੇ ਦੌਰਾਨ ਖਾਜੂਰਾਹੋ ਵਿਚ ਬਤੌਰ ਐਸਡੀਐਮ ਤੈਨਾਤ ਬੀਬੀ ਸਲੂਨੀ ਸਿਡਾਨਾ ਨੇ ਇਹ ਕਹਿ ਕੇ ਹੈਰਾਨ ਕਰ ਦਿਤਾ ਕਿ ਉਹ ਪੰਜਾਬ ਦੇ ਫ਼ਾਜ਼ਿਲਕਾ ਦੇ ਇਕ ਪਿੰਡ ਦੇ ਕਿਸਾਨ ਦੀ ਧੀ ਹੈ। ਅਕਸਰ ਆਈਏਐਸ ਅਧਿਕਾਰੀ ਮੁਕਾਬਲੇ ਦੀ ਕੇਂਦਰੀ ਪ੍ਰੀਖਿਆ ਤੋਂ ਬਾਅਦ ਮਨਸੂਰੀ ਦੇ ਇੰਸਟੀਚਿਊਟ ਦੀ ਟ੍ਰੇਨਿੰਗ ਲੈ ਕੇ ਬਤੌਰ ਕੇਂਦਰ ਅਧਿਕਾਰੀ ਹਵਾ ਵਿਚ ਉਡਦੇ ਹਨ, ਜ਼ਮੀਨੀ ਹਕੀਕਤ ਨੂੰ ਭੁੱਲ ਜਾਂਦੇ ਹਨ ਪਰ ਇਸ ਸਾਦਗੀ ਤੇ ਲਿਆਕਤ ਭਰੀ ਮੁਟਿਆਰ ਨਾਲ ਗੱਲਬਾਤ ਕਰ ਕੇ ਪਤਾ ਲੱਗਾ ਕਿ 2014 ਬੈਚ ਦੀ ਇਹ ਆਈਏਐਸ ਅਫ਼ਸਰ ਅਸਲੀਅਤ ਵਿਚ ਜਨਤਾ ਦੀ ਸੇਵਾ ਵਿਚ ਜੁਟੀ ਹੋਈ ਹੈ। ਚਾਰ ਸਾਲ ਪਹਿਲਾਂ ਕੇਂਦਰੀ ਲੋਕ ਸੇਵਾ ਕਮਿਸ਼ਨ ਦਾ ਇਮਤਿਹਾਨ ਪਾਸ ਕਰਨ ਤੋਂ ਪਹਿਲਾਂ ਬੀਬੀ ਸਿਡਾਨਾ ਨੇ ਦਿੱਲੀ ਤੋਂ ਮੈਡੀਕਲ ਖੇਤਰ ਵਿਚ ਡਾਕਟਰੀ ਯਾਨੀ ਐਮਬੀਬੀਐਸ ਵੀ ਕੀਤੀ ਹੋਈ ਹੈ ਅਤੇ ਅਮਰੀਕਾ ਵਿਚ ਜਾ ਕੇ ਉਥੇ ਸੇਵਾ ਨਿਭਾਉਣ ਤੋਂ ਹੱਟ ਕੇ ਅਪਣੇ ਮੁਲਕ ਵਿਚ ਹੀ ਲੋਕ ਸੇਵਾ ਕਰਨ ਨੂੰ ਤਰਜੀਹ ਦਿਤੀ।