ਚੰਡੀਗੜ੍ਹ, 10 ਜਨਵਰੀ (ਕੁਲਦੀਪ ਸਿੰਘ): ਪੰਜਾਬ ਮੰਡੀ ਬੋਰਡ ਵਲੋਂ ਪੰਜਾਬ ਦੀਆਂ ਸਮੂਹ ਮੰਡੀਆਂ ਅਤੇ ਖ਼ਰੀਦ ਕੇਂਦਰਾਂ ਵਿਚ ਹੁੰਦੇ ਪ੍ਰਦੂਸ਼ਨ ਨੂੰ ਘਟਾਉਣ ਲਈ ਖ਼ਾਸ ਤੌਰ 'ਤੇ ਕਣਕ ਤੇ ਝੋਨੇ ਦੀਆਂ ਫ਼ਸਲਾਂ ਦੀ ਛੰਡਾਈ ਮੌਕੇ 'ਡਸਟ ਕੁਲੈਕਟਰ' ਲਗਾਉਣ ਦੀ ਤਜਵੀਜ਼ ਕੀਤੀ ਜਾਵੇਗੀ। ਭਾਵੇਂ ਕਣਕ ਅਤੇ ਝੋਨੇ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਖੇਤਾਂ ਨੂੰ ਅੱਗ ਲੱਗਣ ਕਾਰਨ ਵੱਡੇ ਪੱੱਧਰ 'ਤੇ ਪ੍ਰਦੂਸ਼ਨ ਹੁੰਦਾ ਹੈ ਅਤੇ ਇਸ ਵਾਸਤੇ ਕੇਂਦਰ ਸਰਕਾਰ ਸਮੇਤ ਦੇਸ਼ ਦੇ ਹੋਰ ਸੂਬੇ ਦੀਆਂ ਸਰਕਾਰਾਂ ਪ੍ਰਬੰਧ ਕਰਨ ਵਿਚ ਲੱਗੀਆਂ ਵੀ ਹੋਈਆਂ ਹਨ ਪਰ ਪੰਜਾਬ ਵਿਚ 1800 ਤੋਂ ਵੱਧ ਖ਼ਰੀਦ ਕੇਂਦਰਾਂ 'ਤੇ ਪੈਦਾ ਹੋਣ ਵਾਲੇ ਇਸ ਪ੍ਰਦੂਸ਼ਨ ਦੀ ਰੋਕਥਾਮ ਵਾਸਤੇ ਪ੍ਰਦੂਸ਼ਨ ਕੰਟਰੋਲ ਬੋਰਡ ਵੀ ਉਪਰਾਲੇ ਕਰ ਰਿਹਾ ਹੈ ਅਤੇ ਹੁਣ ਪੰਜਾਬ ਮੰਡੀ ਬੋਰਡ ਵੀ ਇਸ ਪਾਸੇ ਧਿਆਨ ਦੇ ਰਹੀ ਹੈ। ਇਸ ਸਬੰਧੀ ਅਜਿਹੇ ਦੋ ਡਸਟ ਕੁਲੈਕਟਰ ਖੰਨਾ ਅਤੇ ਪਟਿਆਲਾ ਦੀਆਂ ਮੰਡੀਆਂ ਵਿਚ ਪ੍ਰਦੂਸ਼ਨ ਕੰਟਰੋਲ ਬੋਰਡ ਵਲੋਂ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਲਾਏ ਵੀ ਜਾ ਚੁੱਕੇ ਹਨ।ਕੀ ਹੈ ਡਸਟ ਕੁਲੈਕਟਰ : ਮੰਡੀ ਵਿਚ ਆਉਣ ਤੋਂ ਬਾਅਦ ਇਨ੍ਹਾਂ ਰਵਾਇਤੀ ਫ਼ਸਲਾਂ ਦੀ ਛੰਡਾਈ ਕੀਤੀ ਜਾਂਦੀ ਹੈ ਜਿਸ ਵਾਸਤੇ ਮਸ਼ੀਨ ਲੱਗੀ ਹੁੰਦੀ ਹੈ। ਇਸ ਮਸ਼ੀਨ ਵਿਚ ਪਾਈ ਫ਼ਸਲ ਸਾਫ਼ ਹੋ ਕੇ ਅੱਗੇ ਡਿੱਗਦੀ ਹੈ ਜਦਕਿ ਪਿਛਲੇ ਪਾਸੇ ਮਿੱਟੀ ਘੱਟਾ ਉਡ ਕੇ ਪ੍ਰਦੂਸ਼ਨ ਫੈਲਾਉਂਦਾ ਹੈ। ਇਸ ਮਿੱਟੀ ਘੱਟੇ ਨੂੰ ਉਡਣ ਤੋਂ ਰੋਕਣ ਲਈ ਇਸ ਮਸ਼ੀਨ ਦੇ ਪਿਛਲੇ ਪਾਸੇ ਡਸਟ ਕੁਲੈਕਟਰ ਲਗਾਇਆ ਜਾਂਦਾ ਹੈ। ਸ਼ਹਿਰਾਂ ਦੀਆਂ ਮੰਡੀਆਂ ਵਿਚ ਹੋਣ ਵਾਲੇ ਇਸ ਪ੍ਰਦੂਸ਼ਨ ਦੀਆਂ ਵੱਡੀ ਗਿਣਤੀ ਸ਼ਿਕਾਇਤਾਂ ਮੰਡੀ ਬੋਰਡ ਨੂੰ ਜਾਣ ਉਪਰੰਤ ਇਸ ਬਾਰੇ ਤਜ਼ਵੀਜ਼ ਲਿਆਂਦੀ ਜਾ ਰਹੀ ਹੈ।ਇਸ ਮਾਮਲੇ ਵਿਚ ਮੰਡੀ ਬੋਰਡ ਦੇ ਸੂਤਰਾਂ ਨੇ ਦਸਿਆ ਕਿ ਇਨ੍ਹਾਂ ਡਸਟ ਕੁਲੈਕਟਰਾਂ ਦਾ ਮੰਡੀ ਬੋਰਡ 'ਤੇ ਕੋਈ ਵਿੱਤੀ ਬੋਝ ਨਹੀਂ ਪਵੇਗਾ ਕਿਉਂਕਿ ਇਹ ਬਕਾਇਦਾ ਤੌਰ 'ਤੇ ਆੜ੍ਹਤੀਆਂ ਵਲੋਂ ਲਗਵਾਏ ਜਾਣੇ ਹਨ। ਸੂਤਰਾਂ ਨੇ ਦਸਿਆ ਕਿ ਇਸ ਸਬੰਧੀ ਮੰਡੀ ਬੋਰਡ ਵਿਚ ਅਧਿਕਾਰੀਆਂ ਦੇ ਪੱਧਰ 'ਤੇ ਗੱਲਬਾਤ ਸ਼ੁਰੂ ਹੋ ਚੁੱਕੀ ਹੈ ਅਤੇ ਛੇਤੀ ਹੀ ਇਸ ਸਬੰਧੀ ਫ਼ੈਸਲਾ ਲਿਆ ਜਾ ਸਕਦਾ ਹੈ।