ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਭਾਰਤ ਲਿਆ ਕੇ ਅੰਤਮ ਸਸਕਾਰ ਕਰਨ ਦੀ ਇਜਾਜ਼ਤ ਦਿਤੀ ਜਾਵੇ

ਖ਼ਬਰਾਂ, ਪੰਜਾਬ

ਤਰਨਤਾਰਨ, 10 ਦਸੰਬਰ (ਚਰਨਜੀਤ ਸਿੰਘ): ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਡਾਕਟਰ ਜਸਵਿੰਦਰ ਸਿੰਘ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿੱਖ ਰਾਜ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਭਾਰਤ ਲਿਆ ਕੇ ਸਿੱਖ ਰਹੁਰੀਤਾਂ ਮੁਤਾਬਕ ਅੰਤਮ ਸਸਕਾਰ ਕਰਨ ਦੀ ਇਜਾਜ਼ਤ ਦਿਤੀ ਜਾਵੇ। ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ ਡਾਕਟਰ ਜਸਵਿੰਦਰ ਸਿੰਘ ਨੇ ਦਸਿਆ ਕਿ ਸਿੱਖ ਰਾਜ ਦੀਆਂ ਅਹਿਮ ਨਿਸ਼ਾਨੀਆਂ ਦੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਨਾਲ ਪੰਜਾਬ ਵਿਚ ਜਿਵੇਂ ਅਣਦੇਖੀ ਕੀਤੀ ਜਾ ਰਹੀ ਹੈ ਉਹ ਅਸਹਿ ਹੈ। ਅਪਣੇ ਬਾਰੇ ਦਸਦਿਆਂ ਡਾਕਟਰ ਜਸਵਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਵਡੇਰੀ ਮਾਤਾ ਰਾਜ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਦੂਸਰੀ ਪਤਨੀ ਸੀ। ਉਨ੍ਹਾਂ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਮਹਾਰਾਜਾ ਤੇ ਸਿੱਖ ਰਾਜ ਦੀਆਂ ਨਿਸ਼ਾਨੀਆਂ ਨੂੰ ਬਚਾਉਣ ਲਈ ਯਤਨ ਕਰ ਰਹੇ ਹਨ। ਅੰਮ੍ਰਿਤਸਰ ਤੇ ਸਾਬਕਾ ਡਿਪਟੀ ਕਮਿਸ਼ਨਰ ਸ. 

ਕਾਹਨ ਸਿੰਘ ਪਨੂੰ ਦੇ ਯੋਗਦਾਨ ਨੂੰ ਉਹ ਭੁਲਾ ਨਹੀਂ ਸਕਦੇ। ਜਿਨ੍ਹਾਂ ਉਨ੍ਹਾਂ ਨੂੰ ਉਨ੍ਹਾਂ ਦੇ ਵਡੇਰਿਆਂ ਦੀ ਵਿਰਾਸਤ ਨੂੰ ਬਚਾਉਣ ਲਈ ਪ੍ਰੇਰਤ ਕੀਤਾ। ਡਾਕਟਰ ਜਸਵਿੰਦਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਕਈ ਵਾਰ ਮੰਗ ਕਰ ਚੁਕੇ ਹਾਂ ਕਿ ਸ਼ੇਰੇ ਪੰਜਾਬ ਦੀਆਂ ਨਿਸ਼ਾਨੀਆਂ ਦੀ ਸਾਂਭ ਸੰਭਾਲ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਿੱਖ ਰਾਜ ਦੀਆਂ ਨਿਸ਼ਾਨੀਆਂ ਕਿਲ੍ਹਾ ਰਾਮ ਬਾਗ਼, ਸਮਰ ਪੈਲੇਸ, ਕਿਲ੍ਹਾ ਗੋਬਿੰਦਗੜ੍ਹ ਅਤੇ ਬਟਾਲਾ ਵਿਚ ਸਥਿਤ ਮਹਾਰਾਜਾ ਖੜਕ ਸਿੰਘ ਦੀਆਂ ਨਿਸ਼ਾਨੀਆਂ ਨੂੰ ਸੁਰੱਖਿਅਤ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾਣ। ਡਾਕਟਰ ਜਸਵਿੰਦਰ ਸਿੰਘ ਨੇ ਮੰਗ ਕੀਤੀ ਕਿ ਜਿਵੇਂ ਹਰ ਸਾਲ ਪਾਕਿਸਤਾਨ ਵਿਚ ਸ਼ੇਰੇ ਪੰਜਾਬ ਦੀ ਬਰਸੀ ਮਨਾਉਣ ਲਈ ਜਥਾ ਭੇਜਿਆ ਜਾਂਦਾ ਹੈ ਉਸੇ ਤਰਜ 'ਤੇ ਮਹਾਰਾਜਾ ਦੇ ਜਨਮ ਦਿਨ 'ਤੇ ਹਰ ਸਾਲ ਅੰਮ੍ਰਿਤਸਰ ਦੇ ਸਮਰ ਪੈਲੇਸ ਵਿਚ ਅਖੰਡ ਪਾਠ ਦਾ ਭੋਗ ਪਾ ਕੇ ਉਸ ਦਿਨ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਣ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸਿੱਖ ਰਾਜ ਨਾਲ ਸਬੰਧਤ ਅੰਮ੍ਰਿਤਸਰ ਦੇ ਕੰਪਨੀ ਬਾਗ਼ ਦੇ ਕਿਲ੍ਹੇ ਵਿਚ ਚਲਦੇ ਸ਼ਰਾਬ ਦੇ ਅਹਾਤੇ ਤੁਰਤ ਬੰਦ ਕੀਤੇ ਜਾਣ।