ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਟੀ ਨੂੰ ਮਨਪ੍ਰੀਤ ਬਾਦਲ ਵਲੋਂ ਮਾਡਲ ਯੂਨੀਵਰਸਟੀ ਬਣਾਉਣ ਦਾ ਐਲਾਨ

ਖ਼ਬਰਾਂ, ਪੰਜਾਬ

ਬਠਿੰਡਾ, 3 ਫ਼ਰਵਰੀ (ਸੁਖਜਿੰਦਰ ਮਾਨ): ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਟੀ ਬਠਿੰਡਾ ਨੂੰ ਸੂਬੇ ਵਿਚ ਮਾਡਲ ਯੂਨੀਵਰਸਿਟੀ ਬਨਾਉਣ ਦਾ ਐਲਾਨ ਕਰਦੇ ਹੋਏੇ ਚਾਲੂ ਵਿੱਤੀ ਵਰ੍ਹੇ ਦੌਰਾਨ ਯੂਨੀਵਰਸਿਟੀ ਦੇ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਵਲੋਂ 50 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਅੱਜ ਯੂਨੀਵਰਸਟੀ ਦੇ ਵਿਸ਼ੇਸ਼ ਦੌਰੇ 'ਤੇ ਪਹੁੰਚੇ ਹੋਏ ਸਨ।ਇਸ ਮੌਕੇ ਉਨ੍ਹਾਂ ਨੇ ਯੂਨੀਵਰਸਟੀ ਦੇ ਉੱਚ ਅਧਿਕਾਰੀਆਂ, ਸਟਾਫ਼ ਮੈਂਬਰਾਂ ਅਤੇ ਯੂਨੀਵਰਸਿਟੀ ਦੇ ਨਾਲ ਜੁੜੇ 60 ਤੋਂ ਵੱਧ ਕਾਲਜਾਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਾਸੀਆਂ ਨੂੰ ਉਚ ਪਧਰੀ ਸਿੱਖਿਆ ਦੇਣ ਲਈ ਪੰਜਾਬ ਸਰਕਾਰ ਵਲੋਂ ਫ਼ੰਡ ਦੇਣ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਸੂਬੇ ਦੇ ਵਿੱਤੀ ਸੰਕਟ ਬਾਰੇ ਬੋਲਦਿਆਂ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਦਸਿਆ ਕਿ ਕਾਂਗਰਸ ਦੀ ਅਗਵਾਈ ਵਾਲੀ ਮੌਜੂਦਾ ਪੰਜਾਬ ਸਰਕਾਰ ਵਲੋਂ ਵਿੱਤੀ ਘਾਟੇ ਨੂੰ ਘਟਾਉਣ ਲਈ ਮਾਲੀ ਵਸੀਲੇ ਲੱਭੇ ਜਾ ਰਹੇ ਹਨ ਅਤੇ ਜਲਦ ਹੀ ਪੰਜਾਬ ਵਧੀਆ ਵਿੱਤੀ ਹਾਲਤ ਵਾਲਾ ਸੂਬਾ ਬਣ ਕੇ ਉਭਰੇਗਾ। ਉਨ੍ਹਾਂ ਕਿਹਾ ਕਿ ਚੌਥੇ ਸਾਲ ਦਾ ਬਜਟ ਵਿਚ ਪੰਜਾਬ ਨੂੰ ਸਰਪਲਸ ਆਮਦਨ ਵਾਲੇ ਸੂਬੇ ਵਿਚ ਤਬਦੀਲ ਕਰ ਦਿਤਾ ਜਾਵੇਗਾ।