ਮੈਂਬਰਾਂ ਦੀਆਂ ਲਿਸਟਾਂ ਬਣਾ ਕੇ ਪੁਲਿਸ ਨੇ ਛਾਪੇ ਸ਼ੁਰੂ ਕੀਤੇ

ਖ਼ਬਰਾਂ, ਪੰਜਾਬ

ਬਰਨਾਲਾ, 30 ਅਗੱਸਤ (ਜਗਸੀਰ ਸਿੰਘ ਸੰਧੂ): ਪੁਲਿਸ ਨੇ ਸੌਦਾ ਸਾਧ ਵਲੋਂ ਬਣਾਈ ਗਈ ਆਤਮਘਾਤੀ ਦਸਤੇ ਦੇ ਮੈਂਬਰਾਂ ਦੀ ਭਾਲ ਸ਼ੁਰੂ ਕਰ ਦਿਤੀ ਗਈ ਹੈ ਅਤੇ ਇਸ ਆਤਮਘਾਤੀ ਦਸਤੇ ਦੇ ਕੁੱਝ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਪੁਲਿਸ ਬਾਕੀ ਮੈਂਬਰਾਂ ਦੀ ਲਿਸਟ ਬਣਾÂਾਂੀ ਜਾ ਰਹੀ ਹੈ।
ਜ਼ਿਕਰਯੋਗ ਹੈ ਸੌਦਾ ਸਾਧ ਵਲੋਂ ਪਿਛਲੇ ਸਮੇਂ ਉਸ ਸਮੇਂ ਆਤਮਘਾਤੀ ਮੈਂਬਰਾਂ ਦੀ ਇਕ ਫ਼ੋਰਸ ਤਿਆਰ ਕੀਤੀ ਗਈ ਸੀ, ਜਦੋਂ ਸੀ.ਬੀ.ਆਈ. ਵਲੋਂ ਸਾਧਵੀ ਬਲਾਤਕਾਰ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਸੌਦਾ ਸਾਧ ਵਲੋਂ ਯੋਜਨਾਬਧ ਤਰੀਕੇ ਨਾਲ ਵੱਡੀ ਗਿਣਤੀ ਵਿਚ ਅਪਣੇ ਚੇਲਿਆਂ ਕੋਲੋਂ ਹਲਫ਼ੀਆ ਬਿਆਨ ਭਰਵਾਏ ਗਏ ਜਿਨ੍ਹਾਂ ਵਿਚ ਲਿਖਿਆ ਗਿਆ ਸੀ ਕਿ ਜੇਕਰ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਸੀ.ਬੀ.ਆਈ. ਨੇ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਤਮਘਾਤ ਕਰ ਲੈਣ ਗਏ।
ਹਜ਼ਾਰਾਂ ਦੀ ਗਿਣਤੀ ਵਿਚ ਇਹ ਹਲਫ਼ੀਆ ਬਿਆਨ ਗ੍ਰਹਿ ਮੰਤਰਾਲੇ, ਸੀ.ਬੀ.ਆਈ. ਅਤੇ ਹਰਿਆਣਾ ਸਰਕਾਰ ਆਦਿ ਨੂੰ ਭੇਜ ਕੇ ਸਰਕਾਰ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਜਦੋਂ ਸੀ. ਬੀ.ਆਈ. ਇਸ ਮਾਮਲੇ ਦੀ ਜਾਂਚ ਕਰ ਕੇ ਸਬੂਤਾਂ ਸਮੇਤ ਕੇਸ ਅਦਾਲਤ ਵਿਚ ਲੈ ਆਈ ਤਾਂ ਸੌਦਾ ਸਾਧ ਵਲੋਂ ਅਪਣੇ ਬਹੁਤ ਸਾਰੇ ਚੇਲਿਆਂ ਅਤੇ ਚੇਲੀਆਂ ਦੇ ਬਰੇਨਵਾਸ਼ ਕਰ ਕੇ ਇਸ ਆਤਮਘਾਤੀ ਦਸਤੇ ਨੂੰ ਨਵਾਂ ਰੂਪ ਦਿਤਾ ਗਿਆ ਅਤੇ ਉਨ੍ਹਾਂ ਪੂਰੀ ਤਰ੍ਹਾਂ ਗੁਮਰਾਹ ਕਰ ਕੇ 25 ਅਗੱਸਤ ਨੂੰ ਅਦਾਲਤ ਵਲੋਂ ਸੌਦਾ ਸਾਧ ਵਿਰੁਧ ਫ਼ੈਸਲਾ ਹੋÎਣ ਦੀ ਸੂਰਤ ਵਿਚ ਆਤਮ ਹਤਿਆਵਾਂ ਕਰਨ ਲਈ ਤਿਆਰ ਕੀਤਾ ਸੀ ਪਰ ਸਰਕਾਰ ਵਲੋਂ ਕੀਤੀ ਸਖ਼ਤੀ ਕਾਰਨ 25 ਅਗੱਸਤ ਨੂੰ ਇਹ ਸਕੀਮ ਸਿਰੇ ਨਹੀਂ ਚੜ੍ਹ ਸਕੀ। ਹੁਣ ਪੁਲਿਸ ਦੇ ਹੱਥ ਇਸ ਆਤਮਘਾਤੀ ਦਸਤੇ ਦੇ ਕੁੱਝ ਮੈਂਬਰ ਲੱਗੇ ਹਨ ਜਿਨ੍ਹਾਂ ਦੀ ਨਿਸ਼ਾਨਦੇਹੀ 'ਤੇ ਪੁਲਿਸ ਇਨ੍ਹਾਂ ਆਤਮਘਾਤੀ ਦਸਤੇ ਦੀਆਂ ਲਿਸਟਾਂ ਤਿਆਰ ਕਰ ਰਹੀ ਹੈ।
ਸੂਤਰਾਂ ਮੁਤਾਬਕ ਇਹ ਆਤਮਘਾਤੀ ਦਸਤੇ ਵਿਚ ਜ਼ਿਆਦਾਤਰ ਮਾਨਸਾ, ਬਰਨਾਲਾ, ਬਠਿੰਡਾ ਅਤੇ ਸੰਗਰੂਰ ਦੇ ਰਹਿਣ ਵਾਲੇ ਡੇਰਾ ਪ੍ਰੇਮੀ ਹਨ ਅਤੇ ਇਨ੍ਹਾਂ ਵਿਚ ਜ਼ਿਆਦਾ ਪੇਂਡੂ ਖੇਤਰ ਦੇ ਲੋਕ ਹਨ ਜਿਨ੍ਹਾਂ ਵਿਚ ਔਰਤਾਂ ਦੀ ਵੱਡੀ ਗਿਣਤੀ ਹੈ।
ਪੁਲਿਸ ਵਲੋਂ ਇਨ੍ਹਾਂ ਚਾਰੇ ਜ਼ਿਲ੍ਹਿਆਂ ਵਿਚ ਆਤਮਘਾਤੀ ਦਸਤੇ ਦੀਆਂ ਲਿਸਟਾਂ ਬਣਾ ਕੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਭਾਵੇਂ ਪੁਲਿਸ ਇਸ ਆਤਮਘਾਤੀ ਦਸਤੇ ਦੀਆਂ ਲਿਸਟਾਂ ਸਬੰਧੀ ਬਹੁਤਾ ਕੁੱਝ ਦੱਸਣ ਤੋਂ ਟਾਲਾ ਵੱਟ ਰਹੀ ਹੈ ਪਰ ਕੀਤੀ ਜਾ ਰਹੀ ਛਾਪੇਮਾਰੀ ਨੂੰ ਸਵੀਕਾਰਦਿਆਂ ਇਸ ਨੂੰ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਦੀ ਕਵਾਇਦ ਦੱਸ ਰਹੀ ਹੈ।