ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਫੈਸਲਾ ਕੀਤਾ ਹੈ ਕਿ ਅਕਾਦਮਿਕ ਸਾਲ 2017-18 ਤੋਂ ਮੈਟ੍ਰਿਕ/ਬਾਰ੍ਹਵੀਂ ਸ਼੍ਰੇਣੀ ਲਈ ਗਰੇਡਿੰਗ ਵਾਲੇ ਵਿਸ਼ਿਆਂ ਦੀ ਲਿਖਤੀ ਤੇ ਪ੍ਰਯੋਗੀ ਪ੍ਰੀਖਿਆ ਦਾ ਸੰਚਾਲਨ/ਮੁਲਾਂਕਣ ਬਾਕੀ ਮੁੱਖ ਵਿਸ਼ਿਆਂ ਦੀ ਤਰਜ਼ 'ਤੇ ਬਾਹਰੀ ਤੌਰ 'ਤੇ ਕਰਵਾਇਆ ਜਾਵੇਗਾ ਅਤੇ ਇਹ ਅੰਕ ਮੁੱਖ ਵਿਸ਼ਿਆਂ ਦੇ ਅੰਕਾਂ ਵਿਚ ਨਹੀਂ ਜੋੜੇ ਜਾਣਗੇ।
ਇਹ ਜਾਣਕਾਰੀ ਦਿੰਦਿਆਂ ਬੋਰਡ ਦੇ ਬੁਲਾਰੇ ਕੋਮਲ ਸਿੰਘ ਨੇ ਦੱਸਿਆ ਕਿ ਚੋਣਵੇਂ ਵਿਸ਼ਿਆਂ ਦੀ ਲਿਖਤੀ ਪ੍ਰੀਖਿਆ ਚਾਲੂ ਪ੍ਰਥਾ ਅਨੁਸਾਰ ਹੀ ਲਈ ਜਾਵੇਗੀ।
ਉਨ੍ਹਾਂ ਕਿਹਾ ਕਿ ਬੋਰਡ ਵਲੋਂ ਜਾਰੀ ਕੀਤੇ ਨਤੀਜਾ ਕਾਰਡ-ਕਮ-ਸਰਟੀਫਿਕੇਟ ਵਿਚ ਗਰੇਡਿੰਗ ਵਿਸ਼ਿਆਂ ਅਧੀਨ ਪ੍ਰਾਪਤ ਅੰਕ ਅਤੇ ਗਰੇਡ ਦਰਸਾਏ ਜਾਣਗੇ ਪਰ ਇਨ੍ਹਾਂ ਵਿਸ਼ਿਆਂ ਵਿਚ ਪ੍ਰਾਪਤ ਅੰਕਾਂ ਨੂੰ ਮੁੱਖ ਵਿਸ਼ਿਆਂ ਵਿਚ ਕੁੱਲ ਅੰਕਾਂ ਵਿਚ ਨਹੀਂ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਬੋਰਡ ਦੀ ਵੈੱਬਸਾਈਟ 'ਤੇ ਮੁਹੱਈਆ ਕਰਵਾ ਦਿੱਤੀ ਗਈ ਹੈ।