ਬਠਿੰਡਾ, 11 ਸਤੰਬਰ
(ਸੁਖਜਿੰਦਰ ਮਾਨ): ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਸਿੰਘ ਨੂੰ ਬਲਾਤਕਾਰ ਦੇ ਮਾਮਲੇ
'ਚ ਜੇਲ ਭੇਜਣ ਤੋਂ ਭੜਕੇ ਵਿਵਾਦ 'ਚ ਮਾਲਵਾ ਪੱਟੀ ਦੇ ਸਵਾ ਦੋ ਸੌ ਪ੍ਰੇਮੀਆਂ ਨੂੰ ਜੇਲ
ਦੀ ਹਵਾ ਖਾਣੀ ਪੈ ਰਹੀ ਹੈ, ਜਦੋਂ ਕਿ ਸੈਂਕੜੇ ਪ੍ਰੇਮੀ ਹਾਲੇ ਵੀ ਗ੍ਰਿਫ਼ਤਾਰੀ ਦੇ ਡਰੋਂ
ਰੂਪੋਸ਼ ਹਨ। ਇਨ੍ਹਾਂ ਪ੍ਰੇਮੀਆਂ ਵਿਚ ਜ਼ਿਆਦਾਤਰ ਡੇਰੇ ਨਾਲ ਸਬੰਧਤ ਵੱਡੀਆਂ ਪ੍ਰਬੰਧਕ
ਕਮੇਟੀ ਦੇ ਆਗੂ ਤੇ ਮੈਂਬਰ ਸ਼ਾਮਲ ਹਨ। ਹਾਲਾਂਕਿ ਕਿਸੇ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਆਸੀ
ਆਗੂ ਇਨ੍ਹਾਂ ਨੂੰ ਖੜੇ ਹੋ ਕੇ ਸਲਾਮ ਕਰਦੇ ਸਨ।
ਡੇਰਾ ਵਿਵਾਦ ਨੂੰ ਲੈ ਕੇ ਮਾਲਵਾ
ਪੱਟੀ 'ਚ ਸੱਭ ਤੋਂ ਵੱਧ ਗ੍ਰਿਫ਼ਤਾਰੀਆਂ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਵਿਚ ਹੋਈਆਂ ਹਨ,
ਜਿਨ੍ਹਾਂ ਨੂੰ ਡੇਰਾ ਪ੍ਰੇਮੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਵਿਵਾਦ
ਕਾਰਨ ਸਰਕਾਰ ਵਲੋਂ ਲਗਾਏ ਕਰਫ਼ਿਊ ਦੀ ਉਲੰਘਣਾ ਕਰਨ ਦੇ ਦੋਸ਼ਾਂ ਹੇਠ ਸੱਭ ਤੋਂ ਵੱਧ
ਗ੍ਰਿਫ਼ਤਾਰੀਆਂ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਹੋਈਆਂ ਹਨ। ਦਸਣਾ ਬਣਦਾ ਹੈ ਕਿ ਮਾਲਵਾ ਪੱਟੀ ਦੇ
ਪੁਲਿਸ ਅਧਿਕਾਰੀਆਂ ਵਲੋਂ ਕੀਤੇ ਦਾਅਵਿਆਂ ਮੁਤਾਬਕ ਪ੍ਰੇਮੀਆਂ ਵਲੋਂ ਡੇਰਾ ਮੁਖੀ ਨੂੰ ਜੇਲ
ਭੇਜਣ ਦੇ ਰੋਸ ਵਜੋਂ ਪਹਿਲਾਂ ਹੀ ਭੰਨਤੋੜ ਦੀ ਯੋਜਨਾ ਬਣਾਈ ਹੋਈ ਸੀ ਜਿਸ ਲਈ ਬਕਾਇਦਾ ਇਕ
ਸੱਤ ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਸੀ। ਇਸ ਕਮੇਟੀ ਵਲੋਂ ਹਿੰਸਕ ਘਟਨਾਵਾਂ
ਫੈਲਾਉਣ ਲਈ 'ਟਮਾਟਰ ਭੰਨ ਦਿਉ' ਦਾ ਕੋਡ ਵਰਡ ਵੀ ਰਖਿਆ ਗਿਆ ਸੀ।
ਜ਼ਿਕਰਯੋਗ ਹੈ ਕਿ
ਪੁਲਿਸ ਵਲੋਂ ਗ੍ਰਿਫ਼ਤਾਰ ਪ੍ਰੇਮੀਆਂ ਵਿਚ ਸੂਬੇ ਦੀ ਡੇਰੇ ਦੀ 45 ਮੈਂਬਰੀ ਸਿਆਸੀ ਕਮੇਟੀ
ਦੇ ਸਿਰਕੱਢ ਆਗੂਆਂ ਤੋਂ ਇਲਾਵਾ ਬੀਤੇ ਦਿਨੀਂ ਪੁਲਿਸ ਵਲੋਂ ਪੰਜਾਬ ਦੇ ਸੱਭ ਤੋਂ ਵੱਡੇ
ਡੇਰਾ ਸਲਾਬਤਪੁਰਾ ਦੇ ਮੁੱਖ ਪ੍ਰਬੰਧਕ ਜ਼ੋਰਾ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ। ਇਸ
ਤੋਂ ਇਲਾਵਾ ਹੋਰ ਵੱਖ-ਵੱਖ ਵਿੰਗਾਂ ਦੇ ਆਗੂਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਸਪੋਕਸਮੈਨ ਵਲੋਂ ਇਕੱਤਰ ਅੰਕੜਿਆਂ ਮੁਤਾਬਕ ਬਠਿੰਡਾ ਜ਼ੋਨ ਅਧੀਨ ਪੈਂਦੇ ਸੱਤ ਜ਼ਿਲ੍ਹਿਆਂ
ਵਿਚੋਂ ਦੰਗੇ ਭੜਕਾਉਣ ਤੇ ਹਿੰਸਕ ਕਾਰਵਾਈ ਕਰਨ ਦੇ ਦੋਸ਼ਾਂ ਹੇਠ 32 ਮੁਕੱਦਮੇ ਦਰਜ ਕੀਤੇ
ਗਏ ਸਨ, ਜਿਨ੍ਹਾਂ ਵਿਚ 160 ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਵਿਚ ਸੱਭ
ਤੋਂ ਵੱਧ ਦਸ ਕੇਸ ਬਠਿੰਡਾ ਵਿਚ ਦਰਜ ਕੀਤੇ ਗਏ ਸਨ ਜਿਨ੍ਹਾਂ ਵਿਚ ਸੈਂਕੜੇ ਪ੍ਰੇਮੀਆਂ
ਨੂੰ ਨਾਮਜ਼ਦ ਕੀਤਾ ਗਿਆ ਸੀ ਪ੍ਰੰਤੂ ਗ੍ਰਿਫ਼ਤਾਰ 55 ਹੀ ਹੋਈਆਂ ਸਨ। ਇਸੇ ਤਰ੍ਹਾਂ ਮਾਨਸਾ
ਜ਼ਿਲ੍ਹੇ ਵਿਚ ਦਰਜ ਅੱਠ ਕੇਸਾਂ ਵਿਚ 67 ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸੇ
ਤਰ੍ਹਾਂ ਮੁਕਤਸਰ ਵਿਚ ਅੱਠ ਕੇਸ ਦਰਜ ਕੀਤੇ ਗਏ ਤੇ 19 ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ
ਗਿਆ ਤੇ ਫ਼ਾਜ਼ਿਲਕਾ ਵਿਚ ਤਿੰਨ ਕੇਸਾਂ ਵਿਚ 13 ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ
ਭੇਜਿਆ। ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ਾਂ ਹੇਠ ਵੀ
ਮਾਲਵਾ ਪੱਟੀ 'ਚ 21 ਕੇਸ ਦਰਜ ਕਰ ਕੇ 62 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ
ਅਧਿਕਾਰੀਆਂ ਮੁਤਾਬਕ ਪ੍ਰੇਮੀਆਂ ਵਿਰੁਧ ਕੇਸ ਠੋਸ ਸਬੂਤਾਂ ਤੋਂ ਬਾਅਦ ਦਰਜ ਕੀਤੇ ਗਏ ਹਨ।
ਉਨ੍ਹਾਂ ਦਾ ਦਾਅਵਾ ਹੈ ਕਿ ਮਾਲਵਾ ਪੱਟੀ 'ਚ ਹੋਈਆਂ ਕੁੱਝ ਹਿੰਸਕ ਘਟਨਾਵਾਂ ਇਕ ਯੋਜਨਾਬੱਧ ਘਟਨਾਵਾਂ ਸਨ, ਜਿਨ੍ਹਾਂ ਦੇ ਪਿੱਛੇ ਵੱਡੇ ਦਿਮਾਗ ਕਰਦੇ ਸਨ।