ਮਾਮਲਾ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਜ਼ਮੀਨੀ ਘਪਲੇ ਦਾ

ਖ਼ਬਰਾਂ, ਪੰਜਾਬ


ਐਸ.ਏ.ਐਸ.ਨਗਰ, 31 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦੇ ਜ਼ਮੀਨੀ ਘਪਲੇ ਨਾਲ ਸਬੰਧਤ ਮੋਹਾਲੀ ਵਿਚ ਚਲ ਰਹੇ ਕੇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਹੁਣ ਵਿਦੇਸ਼ ਜਾ ਸਕਣਗੇ।
ਉਨ੍ਹਾਂ ਵੀਰਵਾਰ ਨੂੰ ਕਰੀਬ 12.30 ਵਜੇ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਵਿਚ ਵਿਦੇਸ਼ ਜਾਣ ਲਈ ਬਾਂਡ ਪੇਪਰ ਦਾਖ਼ਲ ਕਰ ਦਿਤੇ ਹਨ। ਪੰਜ ਲੱਖ ਰੁਪਏ ਦੇ ਬਾਂਡ ਮੋਹਾਲੀ ਦੇ ਵਸਨੀਕ ਮਨੇਸ਼ਵਰ ਸਿੰਘ ਖਹਿਰਾ ਨੇ ਦਿਤੇ ਹਨ ਜੋ ਕਿ ਫਿਕਸ ਡਿਪਾਜਿਟ ਦੇ ਰੂਪ ਵਿਚ ਹਨ।
ਇਸ ਤੋਂ ਪਹਿਲਾਂ ਕੈਪਟਨ ਨੇ 24 ਅਗੱਸਤ ਨੂੰ ਅਦਾਲਤ ਕੋਲੋਂ ਵਿਦੇਸ਼ ਜਾਣ ਦੀ ਆਗਿਆ ਮੰਗੀ ਜਿਸ 'ਤੇ ਅਦਾਲਤ ਨੇ ਜ਼ਮਾਨਤੀ ਬਾਂਡ ਦਾਖ਼ਲ ਕਰਨ ਦੇ ਹੁਕਮ ਦਿਤੇ ਸਨ। ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਨੇ ਕੈਪਟਨ ਅਮਰਿੰਦਰ ਸਿੰਘ ਦੀ ਵਿਦੇਸ਼ ਫੇਰੀ 'ਤੇ ਕੋਈ ਇਤਰਾਜ਼ ਨਾ ਹੋਣ ਦੀ ਗੱਲ ਕਹੀ ਗਈ ਸੀ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 6 ਨਵੰਬਰ ਤੈਅ ਕੀਤੀ ਹੋਈ ਹੈ।
ਕੈਪਟਨ ਅਮਰਿੰਦਰ ਸਿੰਘ ਅਪਣੀ 5 ਸਤੰਬਰ ਤੋਂ 20 ਸਤੰਬਰ ਤਕ ਵਿਦੇਸ਼ੀ ਫ਼ੇਰੀ ਤੇ ਰਹਿਣਗੇ । ਅਦਾਲਤ ਵਿਚ ਦਾਇਰ ਅਪਣੀ ਅਰਜ਼ੀ ਵਿਚ ਕੈਪਟਨ ਦੇ ਵਕੀਲਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ  ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਹਨ ਅਤੇ ਅਪਣੀ ਇਜ਼ਾਰੀਲ ਫੇਰੀ ਦੌਰਾਨ ਉਹ ਸੂਬੇ ਦੀ ਬੇਹਤਰੀ ਲਈ ਕੰਮ ਕਰਨ ਜਾ ਰਹੇ ਹਨ।
ਪਤਾ ਲਗਿਆ ਹੈ ਕਿ ਕੈਪਟਨ ਇਸ ਦੌਰਾਨ ਉਦਯੋਗਪਤੀਆਂ ਨਾਲ ਇਕ ਬੈਠਕ ਕਰਨਗੇ ਜਦਕਿ ਇੰਗਲੈਂਡ ਵਿਚ ਉਹ ਅਪਣੀ ਕਿਤਾਬ ਜਾਰੀ ਕਰਨਗੇ ਜੋ ਕਿ ਉਨ੍ਹਾਂ ਨੇ ਸਾਰਾਗੜੀ ਦੇ ਸ਼ਹੀਦਾਂ ਬਾਰੇ ਲਿਖੀ ਹੈ।