ਮਾਮਲਾ ਫ਼ਰਜ਼ੀ ਮੋਟਰ ਕੁਨੈਕਸ਼ਨਾਂ ਦਾ…...

ਖ਼ਬਰਾਂ, ਪੰਜਾਬ

ਕਿਸਾਨਾਂ ਦੀ ਗ੍ਰਿਫ਼ਤਾਰੀ ਲਈ ਆਈ ਪੁਲਿਸ ਨੂੰ ਕਿਸਾਨ ਯੂਨੀਅਨ ਨੇ ਘੇਰਿਆ

ਕਿਸਾਨਾਂ ਦੀ ਗ੍ਰਿਫ਼ਤਾਰੀ ਲਈ ਆਈ ਪੁਲਿਸ ਨੂੰ ਕਿਸਾਨ ਯੂਨੀਅਨ ਨੇ ਘੇਰਿਆ
ਭਦੌੜ 13 ਮਾਰਚ (ਸਾਹਿਬ ਸੰਧੂ, ਸੁਖਵਿੰਦਰ ਸਿੰਘ ਧਾਲੀਵਾਲ) : ਭਦੌੜ ਅਤੇ ਆਸ ਪਾਸ ਦੇ ਪਿੰਡਾਂ ਚ ਚਲਦੀਆਂ ਖੇਤੀ ਮੋਟਰਾਂ ਨੂੰ ਬਿਜਲੀ ਵਿਭਾਗ ਵਲੋਂ ਗ਼ੈਰ ਕਾਨੂੰਨੀ ਐਲਾਨ ਦਾ ਮਾਮਲਾ 2015 ਤੋਂ ਚਲਦਾ ਰਿਹਾ ਤੇ ਜਿਸ ਨੂੰ ਲੈ ਕਿਸਾਨ ਯੂਨੀਅਨ ਅਤੇ ਬਿਜਲੀ ਵਿਭਾਗ ਆਹਮਣੇ ਸਾਹਮਣੇ ਹੈ। ਇਸ ਮਾਮਲੇ 'ਚ ਅੱਜ ਕੁੱਝ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਪੁੱਜੀ ਐਂਟੀ ਥੇਫਟ ਪਟਿਆਲਾ ਥਾਣੇ ਦੀ ਪੁਲਿਸ ਨੂੰ ਘੇਰ ਪਿੰਡ ਵਾਸੀਆਂ ਨੇ ਗੁਰੂ ਘਰ ਦੇ ਸਪੀਕਰ 'ਚ ਹੋਕਾ ਦੇ ਵੱਡਾ ਇਕੱਠ ਕਰ ਲਿਆ। ਇਕ ਘੰਟੇ ਤਕ ਕਿਸਾਨ ਯੂਨੀਅਨਾਂ ਤੇ ਪੁਲਿਸ ਪਾਰਟੀ ਦੋਹਾਂ ਧਿਰਾਂ ਵਿਚਕਾਰ ਹੁੰਦੀ ਬਹਿਸਬਾਜ਼ੀ ਤੋਂ ਬਾਅਦ ਆਈ ਟੀਮ ਨੂੰ ਖਾਲੀ ਹੱਥ ਵਾਪਸ ਪਟਿਆਲਾ ਨੂੰ ਪਰਤਣਾ ਪਿਆ। ਕਿਸਾਨ ਯੂਨੀਅਨ ਆਗੂ ਕੁਲਵੰਤ ਸਿੰਘ, ਬੰਤ ਸਿੰਘ, ਚਮਕੌਰ ਸਿੰਘ ਨੇ ਦਸਿਆ ਕਿ ਕਿਸਾਨਾਂ ਨੇ ਜਿਸ ਜੇਈ ਨੂੰ ਪੈਸੇ ਭਰ ਮੋਟਰ ਕੂਨੈਕਸ਼ਨ ਲਏ ਸਨ ਤੇ ਜੇਕਰ ਜੇਈ ਨੇ ਹੇਰਫੇਰ ਕੀਤੀ ਹੈ ਤਾਂ ਕਿਸਾਨਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ, ਜਿਸ ਦਾ ਕਿਸਾਨ ਜਥੇਬੰਦੀਆਂ ਡੱਟ ਕੇ ਵਿਰੋਧ ਕਰਨਗੀਆਂ। ਉਨ੍ਹਾਂ ਆਖਿਆ ਕਿ ਅੱਜ ਸਵੇਰੇ ਸਾਢੇ ਛੇ ਵੱਜੇ ਦੇ ਕਰੀਬ ਪਟਿਆਲਾ ਪੁਲਸ ਨੇ ਸੰਧੂ ਕਲਾਂ ਛਾਪਾ ਮਾਰ ਕਿਸਾਨ ਜੈਲ ਸਿੰਘ ਅਤੇ ਦਰਸ਼ਨ ਸਿੰਘ ਨੂੰ ਗ੍ਰਿਫਤਾਰ ਕਰ ਗੱਡੀ ਵਿਚ ਬਿਠਾ ਲਿਆ। ਜਦ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਪੁਲਸ ਪਾਰਟੀ ਨੂੰ ਘੇਰ ਦੋਹਾਂ ਕਿਸਾਨਾਂ ਨੂੰ ਰਿਹਾਅ ਕਰਵਾਇਆ ਤੇ ਕਿਸਾਨ ਵਿਦਰੋਹ ਵੇਖਦਿਆਂ ਪੁਲਸ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ। 

ਇਸ ਮੌਕੇ ਰਾਜ ਸਿੰਘ, ਜਗਸੀਰ ਸਿੰਘ, ਮਾਸਟਰ ਮਹਿਤਾਬ ਸਿੰਘ, ਲਾਭ ਸਿੰਘ ਕਿਸਾਨ ਆਗੂਆਂ ਆਦਿ ਸਮੁੱਚਾ ਸੰਧੂ ਕਲਾਂ ਹਾਜ਼ਰ ਸੀ। ਇਸ ਸਬੰਧੀ ਛਾਪਾ ਮਾਰਨ ਆਈ ਐਂਟੀ ਥੇਫਟ ਟੀਮ ਦੇ ਏਐਸਆਈ ਬਲਜੀਤ ਸਿੰਘ ਨੇ ਦਸਿਆ ਕਿ ਇਹਨਾਂ ਕਿਸਾਨਾਂ ਵਿਰੁਧ 1101, 1102, 966, 965, 971, 975 ਮੁੱਕਦਮੇ ਨੰ ਦਰਜ ਹਨ। ਜਿੰਨਾਂ ਚੋਂ ਪਿਛਲੇ ਸਮੇ ਰੇਸ਼ਮ ਸਿੰਘ ਤੇ ਗੁਰਚਰਨ ਸਿੰਘ ਨੂੰ ਗ੍ਰਿਫਤਾਰ ਕਰ ਜੇਲ੍ਹ ਭੇਜਿਆ ਗਿਆ ਸੀ। ਸਿੰਦਰਪਾਲ ਕੌਰ, ਕਰਨੈਲ ਸਿੰਘ, ਭਰਪੂਰ ਸਿੰਘ, ਅਮਰਜੀਤ ਕੌਰ ਨੇ ਅੱਧਾ ਅੱਧਾ ਜੁਰਮਾਨਾਂ ਭਰ ਜਮਾਨਤ ਲੈ ਲਈ ਸੀ। ਪਰ ਕੁੱਝ ਕਿਸਾਨਾਂ ਨੂੰ ਹਿਰਾਸਤ 'ਚ ਲੈਣ ਪਹੁੰਚੇ ਸੀ ਪਰ ਕਿਸਾਨ ਜਥੇਬੰਦੀਆਂ ਦੇ ਰੋਸ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਉਨ੍ਹਾਂ ਨੇ ਦਸਿਆ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿਤਾ ਗਿਆ ਹੈ। ਐਸਡੀਓ ਭਦੌੜ ਲਖਵੀਰ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਇਸ ਛਾਪੇਮਾਰੀ ਦੀ ਕੋਈ ਸੂਚਨਾ ਨਹੀਂ ਸੀ ਤੇ ਨਾ ਹੀ ਕੋਈ ਸਾਡਾ ਮੁਲਾਜ਼ਮ ਪੁਲਿਸ ਟੀਮ ਦੇ ਨਾਲ ਸੀ। ਉਨ੍ਹਾਂ ਨੂੰ ਵੀ ਪੁਲਿਸ ਦੀ ਛਾਪੇਮਾਰੀ ਦਾ ਹੁਣੇ ਪਤਾ ਲੱਗਿਆ ਹੈ।