ਮਾਨ ਦਾ ਨੱਕ ਵੱਢਣ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ, ਸ਼ਿਵ ਸੈਨਾ ਆਗੂ ਦਾ ਐਲਾਨ

ਖ਼ਬਰਾਂ, ਪੰਜਾਬ

ਹਿੰਦੂ ਆਗੂਆਂ ਦੀਆਂ ਹੱਤਿਆਵਾਂ ਦੇ ਮਾਮਲੇ 'ਚ ਫਸੇ ਜਗਤਾਰ ਸਿੰਘ ਜੌਹਲ ਦਾ ਮਾਮਲਾ ਇਸ ਵੇਲੇ ਮੀਡੀਆ ਵਿੱਚ ਸੁਰਖੀਆਂ ਵਿੱਚ ਹੈ। ਹਾਲਾਂਕਿ ਜਗਤਾਰ ਸਿੰਘ ਜੌਹਲ ਦੇ ਹੱਕ ਵਿੱਚ ਪੰਜਾਬੀ ਅਤੇ ਸਿੱਖ ਭਾਈਚਾਰਾ ਹੀ ਉੱਤਰਿਆ ਹੈ ਅਤੇ ਉਹਨਾਂ ਨੇ ਕਾਨੂੰਨੀ ਕਾਰਵਾਈ ਦਾ ਸਨਮਾਨ ਕਰਦਿਆਂ ਕਿਸੇ ਕਿਸਮ ਦੀ ਅਜਿਹੀ ਹਰਕਤ ਨਹੀਂ ਕੀਤੀ ਜਿਸ ਨਾਲ ਸੂਬੇ ਦਾ ਮਾਹੌਲ ਖਰਾਬ ਹੋਵੇ।  


ਇਸ ਮਾਮਲੇ ਨੂੰ ਲੈ ਕੇ ਜੋ ਬਿਆਨਬਾਜ਼ੀਆਂ ਅਤੇ ਹਾਲਾਤ ਸਾਹਮਣੇ ਆ ਰਹੇ ਹਨ ਉਹ ਸਾਫ ਤੌਰ 'ਤੇ ਦੇਸ਼ ਵਿੱਚ ਵਧ ਰਹੀ ਫਿਰਕਾਪ੍ਰਸਤੀ ਵੱਲ੍ਹ ਇਸ਼ਾਰਾ ਕਰਦੇ ਹਨ। ਬਹੁਤ ਸਾਰੇ ਬਿਆਨ ਅਜਿਹੇ ਵੀ ਹਨ ਜਿਹੜੇ ਚਰਚਾ ਦਾ ਵਿਸ਼ਾ ਬਣਨ ਦੇ ਚਾਹਵਾਨ ਲੋਕਾਂ ਵੱਲੋਂ ਦਿੱਤੇ ਜਾਪ ਰਹੇ ਹਨ। ਜੌਹਲ ਦੇ ਹੱਕ ਵਿੱਚ ਨਿੱਤਰ ਰਹੇ ਪੰਜਾਬੀ ਲੋਕਾਂ ਤੋਂ ਇਲਾਵਾ ਸੰਗੀਤ ਅਤੇ ਫਿਲਮ ਉਦਯੋਗ ਦੀਆਂ ਹਸਤੀਆਂ ਦੇ ਨਾਲ ਨਾਲ ਸਿਆਸੀ ਜਗਤ ਦੇ ਵੱਡੇ ਨਾਂਅ ਸ਼ਾਮਿਲ ਹਨ। ਸਾਬਕਾ ਕਾਮੇਡੀ ਕਲਾਕਾਰ ਅਤੇ ਆਮ ਆਦਮੀ ਪਾਰਟੀ ਆਗੂ ਭਗਵੰਤ ਮਾਨ ਨੇ ਵੀ ਜੌਹਲ ਦੇ ਹੱਕ ਵਿੱਚ ਆਵਾਜ਼ ਉਠਾਈ ਪਰ ਸ਼ਿਵ ਸੈਨਾ ਦੇ ਇੱਕ ਆਗੂ ਨੇ ਭਗਵੰਤ ਮਾਨ ਦਾ ਬੜੇ ਹੰਗਾਮਾਖੇਜ਼ ਤਰੀਕੇ ਨਾਲ ਵਿਰੋਧ ਕੀਤਾ ਹੈ। ਭਗਵੰਤ ਮਾਨ ਨੇ ਜੌਹਲ ਨੂੰ ਝੂਠੇ ਕੇਸ ਵਿੱਚ ਫਸਾਏ ਜਾਣ 'ਤੇ ਸ਼ਿਵ ਸੈਨਾ ਪੰਜਾਬ ਦੇ ਆਗੂ ਯੋਗੇਸ਼ ਬਾਤਿਸ਼ ਨੇ ਐਲਾਨ ਕਰ ਦਿੱਤਾ ਹੈ ਕਿ ਭਗਵੰਤ ਮਾਨ ਦਾ ਨੱਕ ਵੱਢ ਕੇ ਲਿਆਉਣ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।  


ਬਾਤਿਸ਼ ਦੇ ਇਸ ਬਿਆਨ ਬਾਰੇ ਕਿਸੇ ਕਿਸਮ ਦੀ ਕਾਨੂੰਨੀ ਕਾਰਵਾਈ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ। ਸਵਾਲ ਪੈਦਾ ਹੁੰਦਾ ਹੈ ਕਿ ਕੀ ਜੌਹਲ ਨੂੰ ਝੂਠੇ ਫਸਾਏ ਜਾਣ ਦੀ ਗੱਲ ਕਹਿਣਾ ਵੀ ਗੁਨਾਹ ਹੈ ? ਜੌਹਲ ਭਾਵੇਂ ਪੁਲਿਸ ਹਿਰਾਸਤ ਵਿੱਚ ਹੈ ਅਤੇ ਉਸ ਵਿਰੁੱਧ ਦੋਸ਼ ਫਿਲਹਾਲ ਸਾਬਿਤ ਨਹੀਂ ਹੋਏ ਅਤੇ ਜਾਂਚ ਪੜਤਾਲ ਚੱਲ ਰਹੀ ਹੈ। ਦੂਸਰੀ ਗੱਲ ਇਹ ਹੈ ਕਿ ਉਸਦਾ ਸਮਰਥਨ ਕਰਦੇ ਹੋਏ ਇਹਨਾਂ ਲੋਕਾਂ ਨੇ ਕਿਸੇ ਕਿਸਮ ਦੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਅਤੇ ਨਾ ਹੀ ਭੜਕਾਊ ਕਾਰਵਾਈਆਂ ਰਾਹੀਂ ਮਾਹੌਲ ਨੂੰ ਖਰਾਬ ਕਰਨ ਦੀ ਕੋਈ ਕੋਸ਼ਿਸ਼ ਕੀਤੀ। ਕਰੋੜਾਂ ਅਰਬਾਂ ਦੇ ਘੋਟਾਲੇ ਕਰਨ ਵਾਲੇ ਸਿਆਸੀ ਲੀਡਰਾਂ ਵਿਰੁੱਧ ਦੋਸ਼ ਸਾਬਿਤ ਹੋਣ ਦੇ ਬਾਵਜੂਦ ਉਹਨਾਂ ਨੂੰ 'ਸਿਆਸੀ ਸਾਜ਼ਿਸ਼' ਦਾ ਸ਼ਿਕਾਰ ਕਿਹਾ ਜਾਂਦਾ ਹੈ ਪਰ ਇੱਕ ਸਿੱਖ ਨੂੰ ਕਿਸੇ ਕਿਸਮ ਦੇ ਝੂਠੇ ਕੇਸ ਵਿੱਚ ਫਸਾਏ ਜਾਣ 'ਤੇ ਅਜਿਹੇ ਬਿਆਨ ਦੇਸ਼ ਦੇ ਮਾਹੌਲ ਦੇ ਨਾਲ ਨਾਲ ਸਾਡੇ ਕਾਨੂੰਨੀ ਪ੍ਰਬੰਧ ਤੇ ਵੀ ਸਵਾਲ ਚੁੱਕਦੇ ਹਨ।