ਮਾਨਸਾ/ਝੁਨੀਰ 23 ਫ਼ਰਵਰੀ (ਸੁਖਵੰਤ ਸਿੰਘ ਸਿੱਧੂ ਮਿੱਠੂ ਘੁਰਕਣੀ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਦੀ ਬਦੌਲਤ ਪੰਜਾਬ ਵਿਚ ਅਣਐਲਾਨੀ ਵਿੱਤੀ ਐਮਰਜੈਂਸੀ ਲੱਗ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਖ਼ਜ਼ਾਨੇ ਦੀ ਡੋਰ ਇਕ ਅਨਜਾਣ ਅਤੇ ਅੜੀਅਲ ਹੱਥ ਦੇ ਦਿਤੀ ਹੈ, ਜਿਸ ਕਾਰਨ ਪੰਜਾਬ ਦਾ ਸਮੁੱਚਾ ਵਰਗ ਨਿਰਾਸ਼ਾ ਦੇ ਆਲਮ ਵਿਚ ਡੁਬਿਆ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਗੁੰਡਾ ਟੈਕਸ ਨੂੰ ਹੱਲਾਸ਼ੇਰੀ ਦਿਤੀ ਜਾ ਰਹੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਸਲੇ ਨੂੰ ਲੈ ਕੇ ਕੁੰਭਕਰਨੀ ਨੀਂਦ ਸੁੱਤੇ ਪਏ ਹਨ।ਹਲਕਾ ਸਰਦੂਲਗੜ੍ਹ ਵਿਚ ਪੈਂਦੇ ਕਸਬਾ ਝੁਨੀਰ ਵਿਖੇ 'ਪੋਲ ਖੋਲ੍ਹੋ ਰੈਲੀ ਲੜੀ' ਤਹਿਤ ਸੁਖਬੀਰ ਸਿੰਘ ਬਾਦਲ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਕੋ ਸਮੇਂ ਦੇਸ਼ ਦੀ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਜੇ ਬੂਰ ਪੈ ਗਿਆ ਤਾਂ 2019 ਵਿਚ ਜਿੱਥੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਵੇਗੀ ਉੱਥੇ ਨਾਲ ਹੀ 13 ਦੀਆਂ 13 ਲੋਕ ਸਭਾ ਸੀਟਾਂ ਜਿੱਤ ਕੇ ਹਾਸਲ ਕਰੇਗਾ। ਮੌਜੂਦਾ ਕਾਂਗਰਸ ਸਰਕਾਰ ਨੇ ਇਕ ਸਾਲ ਦੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਸ. ਬਾਦਲ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਲਈ ਵੀ ਸਰਕਾਰ ਕੋਲ ਰੁਪਏ ਦਾ ਪ੍ਰਬੰਧ ਨਹੀਂ ਹੈ ਅਤੇ ਸਮੁੱਚੀਆਂ ਲੋਕਪੱਖੀ ਸਕੀਮਾਂ ਨੂੰ ਬੰਦ ਕਰ ਦਿਤਾ।