ਮਨਪ੍ਰੀਤ ਪੰਜਾਬੀਆਂ ਨੂੰ ਦੁਬਾਰਾ ਧੋਖਾ ਦੇਣ ਦੀ ਕੋਸ਼ਿਸ਼ ਕਰ ਰਿਹੈ : ਮਜੀਠੀਆ

ਖ਼ਬਰਾਂ, ਪੰਜਾਬ

ਚੰਡੀਗੜ੍ਹ, 15 ਜਨਵਰੀ (ਸਪੋਕਸਮੈਨ ਸਮਾਚਾਰ ਸੇਵਾ): ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਮੁਕਤਸਰ ਵਿਖੇ ਮਾਘੀ ਦੇ ਪਵਿੱਤਰ ਦਿਹਾੜੇ 'ਤੇ ਇਹ ਝੂਠ ਬੋਲਣ ਲਈ ਨਿਖੇਧੀ ਕੀਤੀ ਹੈ ਕਿ ਕਾਂਗਰਸ ਸਰਕਾਰ ਨੇ ਅਪਣੇ 428 ਵਾਅਦਿਆਂ ਵਿਚੋਂ 128 ਵਾਅਦੇ ਪੂਰੇ ਕਰ ਦਿਤੇ ਹਨ। ਪਾਰਟੀ ਨੇ ਉਨ੍ਹਾਂ ਨੂੰ ਵਾਅਦੇ ਗਿਣਵਾਉਣ ਲਈ ਆਖਦਿਆਂ ਕਿਹਾ ਕਿ ਉਹ ਵਾਅਦੇ ਸਿਰਫ਼ ਕਾਗ਼ਜ਼ਾਂ 'ਤੇ ਪੂਰੇ ਕੀਤੇ ਜਾਪਦੇ ਹਨ।ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਮਨਪ੍ਰੀਤ ਬਾਦਲ ਨੇ ਸਿੱਖ ਪੰਥ ਲਈ ਅਪਣੀਆਂ ਜਾਨਾਂ ਵਾਰਨ ਵਾਲੇ 40 ਮੁਕਤਿਆਂ ਨੂੰ ਸ਼ਰਧਾਂਜਲੀਆਂ ਦੇਣ ਲਈ ਰੱਖੀ ਕਾਨਫ਼ਰੰਸ ਮੌਕੇ ਪੰਜਾਬੀਆਂ ਨੂੰ ਧੋਖਾ ਦੇਣ ਅਤੇ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ,''ਮੈਂ ਨਹੀਂ ਜਾਣਦਾ ਹਾਂ ਕਿ ਵਿੱਤ ਮੰਤਰੀ ਨੇ 128 ਦਾ ਅੰਕੜਾ ਕਿਥੋਂ ਕਢਿਆ ਹੈ। ਜੇਕਰ ਇਨ੍ਹਾਂ ਵਾਅਦਿਆਂ ਦਾ ਪੰਜਾਬੀਆਂ ਨੂੰ ਕੋਈ ਲਾਭ ਹੋਇਆ ਹੈ ਤਾਂ ਉਨ੍ਹਾਂ ਨੂੰ ਵਿਸਥਾਰ ਵਿਚ ਦਸਣਾ ਚਾਹੀਦਾ ਹੈ। ਜੇਕਰ ਨਹੀਂ ਤਾਂ ਉਨ੍ਹਾਂ ਇਕ ਪਵਿੱਤਰ ਦਿਹਾੜੇ 'ਤੇ ਝੂਠ ਬੋਲਣ ਲਈ ਪੰਜਾਬੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।'' 

ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਅਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦਾ। ਅਕਾਲੀ ਆਗੂ ਨੇ ਕਿਹਾ ਕਿ ਮਨਪ੍ਰੀਤ ਨੇ ਕਾਂਗਰਸ ਪਾਰਟੀ ਦਾ ਚੋਣ ਮਨੋਰਥ-ਪੱਤਰ ਤਿਆਰ ਕੀਤਾ ਸੀ ਅਤੇ ਇਹ ਵੀ ਐਲਾਨ ਕੀਤਾ ਸੀ ਕਿ ਉਸ ਨੇ ਲੋਕਾਂ ਨਾਲ ਕੀਤੇ ਸਾਰੇ 428 ਵਾਅਦਿਆਂ ਨੂੰ ਪੂਰਾ ਕਰਨ ਦੀ ਵੀ ਯੋਜਨਾ ਬਣਾ ਰੱਖੀ ਹੈ। ਉਨ੍ਹਾਂ ਕਿਹਾ ਕਿ ਇਹ ਬੜੇ ਅਫ਼ਸੋਸ ਦੀ ਗੱਲ ਹੈ ਕਿ ਹੁਣ ਉਹ ਇਹ ਦਾਅਵਾ ਕਰ ਰਿਹਾ ਹੈ ਕਿ ਉਨ੍ਹਾਂ 128 ਵਾਅਦਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਾਸਤੇ ਵਿੱਤੀ ਇੰਤਜ਼ਾਮਾਂ ਦੀ ਜ਼ਰੂਰਤ ਨਹੀਂ ਹੈ। ਅਸੀਂ ਧਨਵਾਦੀ ਹਾਂ ਕਿ ਉਸ ਨੇ ਅਣਜਾਣੇ ਹੀ ਇਹ ਸੱਚ ਦੱਸ ਕੇ ਅਪਣਾ ਪਰਦਾ ਫ਼ਾਸ਼ ਕਰ ਲਿਆ ਹੈ। ਇਸ ਮੁੱਦੇ ਉਤੇ ਉਸ ਨੂੰ ਅਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ ਅਤੇ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਅਪਣਾ ਕੋਈ ਵੀ ਵੱਡਾ ਵਾਅਦਾ ਪੂਰਾ ਕਿਉਂ ਨਹੀਂ ਕਰ ਪਾਇਆ। ਨਾ ਕਿ ਅਜਿਹੇ ਹਥਕੰਡੇ ਵਰਤਣੇ ਚਾਹੀਦੇ ਹਨ, ਜਿਨ੍ਹਾਂ ਨਾਲ ਉਨ੍ਹਾਂ ਦੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਉਤੇ ਪਰਦਾ ਪਾਇਆ ਜਾ ਸਕੇ।