ਮਾਨਸਾ, 20 ਫ਼ਰਵਰੀ (ਸੁਖਵੰਤ ਸਿੰਘ ਸਿੱਧੂ) : ਆਲ ਪੰਜਾਬ ਆਂਗਨਵਾੜੀ ਮੁਲਾਜਮ ਯੂਨੀਅਨ ਨੇ ਅੱਜ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ਼ ਸ਼ਹਿਰ ਦੇ ਬਜ਼ਾਰ ਵਿਚ ਨਾਅਰੇਬਾਜੀ ਕਰਦਿਆਂ ਮਾਰਚ ਕੀਤਾ ਤੇ ਫੇਰ ਡਿਪਟੀ ਕਮਿਸ਼ਨਰ ਦਫਤਰ ਦੇ ਗੇਟ ਤੇ ਜਾ ਕੇ ਵਿੱਤ ਮੰਤਰੀ ਦਾ ਪੁਤਲਾ ਸਾੜਿਆ। ਇਸ ਦੌਰਾਨ ਪੁਲਿਸ ਨੇ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਘੇਰਿਆ ਪਾਇਆ ਤੇ ਪੁਤਲਾ ਖੋਹਣ ਦੀ ਕੋਸ਼ਿਸ਼ ਵੀ ਕੀਤੀ। ਪਰ ਵਰਕਰਾਂ ਨੇ ਪੂਰੀ ਜੋਰ ਅਜਮਾਈ ਕਰਦਿਆਂ ਪੁਲਿਸ ਦਾ ਘੇਰਾ ਤੋੜ ਦਿਤਾ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬੂਹੇ ਤਕ ਜਾ ਪੁੱਜੀਆਂ। ਇਸ ਮੌਕੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਯੂਨੀਅਨ ਦੀਆਂ ਆਗੂਆਂ ਨਾਲ ਬਦਸਲੂਕੀ ਕੀਤੀ ਹੈ। ਜਿਸ ਕਰਕੇ ਸੂਬੇ ਭਰ ਵਿਚ ਰੋਸ ਪਾਇਆ ਜਾ ਰਿਹਾ ਹੈ ਤੇ ਥਾਂ ਥਾਂ ਤੇ ਵਿੱਤ ਮੰਤਰੀ ਦੇ ਪੁਤਲੇ ਸਾੜੇ ਜਾ ਰਹੇ ਹਨ।
ਆਲ ਪੰਜਾਬ ਆਂਗਨਵਾੜੀ ਮੁਲਾਜਮ ਯੂਨੀਅਨ ਦਾ ਦੋਸ਼ ਹੇ ਕਿ ਵਿੱਤ ਮੰਤਰੀ ਨੇ ਵਰਕਰਾਂ ਤੇ ਹੈਲਪਰਾਂ ਦੇ 100 ਕਰੋੜ ਰੁਪਏ ਤੋਂ ਵੱਧ ਦੇ ਬਿੱਲਾਂ ਨੂੰ ਰੋਕਿਆ ਹੋਇਆ ਹੈ। ਇਕ ਸਾਲ ਤੋਂ ਬੱਚਿਆਂ ਤੇ ਗਰਭਵਤੀ ਮਾਵਾਂ ਲਈ ਰਾਸ਼ਨ ਨਹੀਂ ਖਰੀਦਿਆ ਗਿਆ। ਇਕ ਸਾਲ ਤੋਂ ਹੀ ਆਂਗਨਵਾੜੀ ਕੇਂਦਰਾਂ ਦਾ ਕਿਰਾਇਆ ਰੋਕਿਆ ਹੋਇਆ ਹੈ। ਵਰਕਰਾਂ/ ਹੈਲਪਰਾਂ ਨੂੰ ਵਰਦੀਆਂ ਦੇ ਪੈਸੇ ਨਹੀਂ ਦਿਤੇ ਗਏ ਤੇ ਨਾ ਹੀ ਸਟੇਸ਼ਨਰੀ ਦੇ ਸਮਾਨ ਦੇ ਪੈਸੇ ਦਿੱਤੇ ਗਏ ਹਨ। ਇਸ ਤੋਂ ਇਲਾਵਾ ਜਥੇਬੰਦੀ ਦੀ ਸਰਕਾਰ ਤੋਂ ਮੰਗ ਹੈ ਕਿ ਉਨ੍ਹਾਂ ਨੂੰ ਦਿੱਲੀ ਪੈਟਰਨ 'ਤੇ ਮਾਣ ਭੱਤਾ 10 ਹਜ਼ਾਰ ਰੁਪਏ ਵਰਕਰ ਨੂੰ ਤੇ 5 ਹਜ਼ਾਰ ਰੁਪਏ ਹੈਲਪਰ ਨੂੰ ਦਿਤਾ ਜਾਵੇ। ਆਗੂਆਂ ਨੇ ਕਿਹਾ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਸੰਘਰਸ਼ ਜਾਰੀ ਰਹੇਗਾ ਤੇ ਜਥੇਬੰਦੀ ਵਿੱਤ ਮੰਤਰੀ ਨੂੰ ਵੀ ਸਬਕ ਸਿਖਾ ਕੇ ਰਹੇਗੀ। ਇਸ ਮੌਕੇ ਬਲਵੀਰ ਕੌਰ ਮਾਨਸਾ, ਬਲਵਿੰਦਰ ਕੌਰ, ਜਸਵਿੰਦਰ ਕੌਰ, ਸ਼ਿੰਦਰਪਾਲ ਕੌਰ, ਅਮਰਜੀਤ ਕੌਰ ਤੇ ਮਨਜੀਤ ਕੌਰ ਆਦਿ ਮੌਜੂਦ ਸਨ।