ਨਵੀਂ ਦਿੱਲੀ: 29 ਜਨਵਰੀ (ਅਮਨਦੀਪ ਸਿੰਘ) ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਨੂੰ ਟੀਪੂ ਸੁਲਤਾਨ ਵਿਰੁਧ ਗ਼ਲਤ ਬਿਆਨੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਦੋ ਘੱਟ-ਗਿਣਤੀ ਕੌਮਾਂ ਨੂੰ ਆਪਸ ਵਿਚ ਲੜਾਉਣ ਦੀ ਸਾਜ਼ਸ਼ ਹੈ, ਜੋ ਆਰ.ਐਸ.ਐਸ. ਦੇ ਅਖੌਤੀ ਇਸ਼ਾਰੇ 'ਤੇ ਹੋ ਰਹੀ ਹੈ ਕਿਉਂਕਿ ਆਰ.ਐਸ.ਐਸ. ਫ਼ਿਰਕੂ ਏਜੰਡੇ ਅਧੀਨ ਮੁਲਕ ਦੇ ਹਾਲਾਤ ਖਰਾਬ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸ. ਸਿਰਸਾ ਨੂੰ ਪਹਿਲਾਂ ਇਤਿਹਾਸ ਨੂੰ ਵਾਚ ਲੈਣਾ ਚਾਹੀਦਾ ਹੈ ਕਿਉਂਕਿ ਸ.ਸਿਰਸਾ ਵਲੋਂ ਟੀਪੂ ਸੁਲਤਾਨ ਦਾ ਹਵਾਲਾ ਦੇ ਕੇ, 1970 ਵਿਚ ਲਿਖੀਆਂ ਕੁੱਝ ਚਿੱਠੀਆਂ ਦਾ ਜ਼ਿਕਰ ਕੀਤਾ ਗਿਆ ਹੈ ਜਦਕਿ ਟੀਪੂ ਸੁਲਤਾਨ 1788 ਵਿਚ ਹੀ ਮਰ ਚੁੱਕਾ ਸੀ। ਉਨ੍ਹਾਂ ਕਿਹਾ ਕਿ ਸ.ਸਿਰਸਾ ਨਾਗਪੁਰ ਤੋਂ ਕੀਤੇ ਗਏ ਹੁਕਮ ਦੀ ਬੋਲੀ ਬੋਲਦੇ ਹਨ। ਸਿਰਸਾ ਦੀ ਟੀਪੂ ਸੁਲਤਾਨ ਵਿਰੁਧ ਗ਼ਲਤ ਬਿਆਨੀ ਸਿੱਖ ਅਸੂਲਾਂ ਤੋਂ ਉਲਟ ਹੈ।