ਮੰਤਰੀ ਦੀ ਕੁਰਸੀ ਦੇ ਚਾਹਵਾਨਾਂ ਨੂੰ ਕਰਨੀ ਪਵੇਗੀ ਹਾਲੇ ਹੋਰ ਉਡੀਕ

ਖ਼ਬਰਾਂ, ਪੰਜਾਬ

ਐਸ.ਏ.ਐਸ. ਨਗਰ, 16 ਅਕਤੂਬਰ (ਗੁਰਮੁਖ ਵਾਲੀਆ): ਪੰਜਾਬ ਦੇ ਚੁਣੇ ਹੋਏ ਵਿਧਾਇਕਾਂ ਵਿਚੋਂ ਮੰਤਰੀ ਦੀ ਕੁਰਸੀ ਦੇ ਦਾਅਵੇਦਾਰਾਂ ਨੂੰ ਹੁਣ ਹੋਰ ਵੀ ਉਡੀਕ ਕਰਨੀ ਪੈ ਸਕਦੀ ਹੈ ਕਿਉਂਕਿ ਇਸ ਸਾਲ ਵਿਚ ਪੰਜਾਬ ਮੰਤਰੀ ਮੰਡਲ ਵਿਚ ਵਾਧੇ ਦੀ ਕੋਈ ਉਮੀਦ ਨਹੀਂ ਹੈ। ਹਾਲਾਂਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਗੁਰਦਾਸਪੁਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਤੋਂ ਬਾਅਦ ਪੰਜਾਬ ਮੰਤਰੀ ਮੰਡਲ ਵਿਚ ਵਾਧਾ ਹੋ ਸਕਦਾ ਹੈ ਅਤੇ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਹ ਗੱਲ ਆਖੀ ਜਾ ਚੁੱਕੀ ਹੈ ਕਿ ਪੰਜਾਬ ਮੰਤਰੀ ਮੰਡਲ ਵਿਚ ਵਾਧਾ ਛੇਤੀ ਹੀ ਹੋ ਸਕਦਾ ਹੈ। ਇਸ ਸਬੰਧੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵਲੋਂ ਨਵੇਂ ਸ਼ਾਮਲ ਕੀਤੇ ਜਾਣ ਵਾਲੇ ਮੰਤਰੀਆਂ ਦੀ ਸੂਚੀ ਬਾਰੇ ਆਖ਼ਰੀ ਫ਼ੈਸਲਾ ਲਿਆ ਜਾਣਾ ਹੈ ਪਰ ਸਿਆਸੀ ਮਾਹਰ ਇਹ ਮੰਨ ਕੇ ਚੱਲ ਰਹੇ ਹਨ ਕਿ ਮੰਤਰੀ ਮੰਡਲ ਵਿਚ ਹੋਣ ਵਾਲੇ ਵਾਧੇ ਬਾਰੇ ਕੋਈ ਵੀ ਫ਼ੈਸਲਾ ਹੁਣ ਸ੍ਰੀ ਰਾਹੁਲ ਗਾਂਧੀ ਵਲੋਂ ਆਲ ਇੰਡੀਆ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਨ ਤੋਂ ਬਾਅਦ ਹੀ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਵਲੋਂ ਬੀਤੇ ਦਿਨੀਂ ਰਾਹੁਲ ਗਾਂਧੀ ਨੂੰ ਆਲ ਇੰਡੀਆ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਏ ਜਾਣ ਸਬੰਧੀ ਮਤਾ ਪਾਸ ਕਰ ਕੇ ਵੀ ਪਾਰਟੀ ਲਈ ਹਾਈ ਕਮਾਨ ਭੇਜਿਆ ਜਾ ਚੁੱਕਿਆ ਹੈ।

ਹੁਣ ਮੰਤਰੀ ਮੰਡਲ ਵਿਚ ਹੋਣ ਵਾਲੇ ਵਾਧੇ ਵਿਚ ਹਿਮਾਚਲ ਵਿਧਾਨ ਸਭਾ ਚੋਣਾਂ ਇਕ ਵੱਡੀ ਰੁਕਾਵਟ ਬਣ ਕੇ ਆਈਆਂ ਹਨ ਅਤੇ ਅਗਲੇ ਦਿਨਾਂ ਦੌਰਾਨ ਕਾਂਗਰਸ ਪਾਰਟੀ ਦੇ ਸੂਬਾਈ ਅਤੇ ਕੇਂਦਰੀ ਆਗੂ ਹਿਮਾਚਲ ਚੋਣਾਂ ਦੇ ਪ੍ਰਚਾਰ ਵਿਚ ਮਸ਼ਰੂਫ਼ ਹੋ ਜਾਣਗੇ ਜਿਸ ਕਾਰਨ ਪੰਜਾਬ ਮੰਤਰੀ ਮੰਡਲ ਵਿਚ ਹੋਣ ਵਾਲੇ ਵਾਧੇ ਦਾ ਟਲਣਾ ਲਗਭਗ ਤੈਅ ਹੈ। ਇਸ ਤੋਂ ਇਲਾਵਾ ਪੰਜਾਬ ਦੀਆਂ ਚਾਰ ਨਗਰ ਨਿਗਮਾਂ ਜਲੰਧਰ, ਲੁਧਿਆਣਾ, ਪਟਿਆਲਾ ਅਤੇ ਅੰਮ੍ਰਿਤਸਰ ਦੀਆਂ ਹੋਣ ਵਾਲੀਆਂ ਚੋਣਾਂ (ਜਿਹੜੀਆਂ ਦਸੰਬਰ ਮਹੀਨੇ ਵਿਚ ਕਰਵਾਏ ਜਾਣ ਦੀ ਉਮੀਦ ਹੈ) ਕਾਰਨ ਵੀ ਮੰਤਰੀ ਮੰਡਲ ਵਿਚਲਾ ਵਾਧਾ ਕੁੱਝ ਹੋਰ ਸਮੇਂ ਲਈ ਟਲ ਜਾਵੇਗਾ ਅਤੇ ਇਸ ਦੇ ਹੁਣ ਅਗਲੇ ਸਾਲ ਹੀ ਹੋਣ ਦੇ ਆਸਾਰ ਦਿਖ ਰਹੇ ਹਨ।ਗੁਰਦਾਸਪੁਰ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਹੋਈ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਨੇ ਜਿਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੋਰ ਵੀ ਮਜ਼ਬੂਤ ਕਰ ਦਿਤਾ ਹੈ, ਉਥੇ ਇਸ ਨਾਲ ਹੀ ਸੁਨੀਲ ਜਾਖੜ ਦਾ ਸਿਆਸੀ ਕਦ ਵੀ ਵੱਧ ਗਿਆ ਹੈ। ਮੁੱਖ ਮੰਤਰੀ ਦੀ ਅਗਵਾਈ ਵਿਚ ਲੜੀ ਗਈ ਇਸ ਚੋਣ ਵਿਚ ਪਾਰਟੀ ਦੀ ਰਾਜਨੀਤੀ ਪੂਰੀ ਤਰ੍ਹਾਂ ਕਾਮਯਾਬ ਰਹੀ ਹੈ ਅਤੇ ਇਸ ਜਿੱਤ ਨੇ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ (ਜੋ ਸੂਬਾ ਕਾਂਗਰਸ ਦੇ ਪ੍ਰਧਾਨ ਵੀ ਹਨ) ਨੂੰ ਮੁੱਖ ਮੰਤਰੀ ਦੇ ਹੋਰ ਨੇੜੇ ਲੈ ਆਂਦਾ ਹੈ। ਅਜਿਹੇ ਵਿਚ ਵਿਧਾਇਕਾਂ ਵਲੋਂ ਮੰਤਰੀ ਦਾ ਅਹੁਦਾ ਹਾਸਲ ਕਰਨ ਲਈ ਪਾਇਆ ਜਾਣ ਵਾਲਾ ਦਬਾਅ ਵੀ ਪਹਿਲਾਂ ਦੇ ਮੁਕਾਬਲੇ ਘੱਟ ਜਾਣਾ ਤੈਅ ਹੈ।ਪਾਰਟੀ ਦੇ ਸੂਤਰਾਂ ਅਨੁਸਾਰ ਹੁਣ ਪਾਰਟੀ ਦਾ ਟੀਚਾ ਪੰਜਾਬ ਦੀਆਂ ਕਾਰਪੋਰੇਸ਼ਨ ਚੋਣਾਂ ਵਿਚ ਜਿੱਤ ਹਾਸਲ ਕਰ ਕੇ ਇਨ੍ਹਾਂ ਸਾਰੇ ਸ਼ਹਿਰਾਂ ਵਿਚ ਆਪਣੇ ਮੇਅਰ ਬਣਾਉਣਾ ਹੈ।