ਮੰਤਰੀ ਮੰਡਲ ਦੀ ਅਹਿਮ ਬੈਠਕ ਅੱਜ

ਖ਼ਬਰਾਂ, ਪੰਜਾਬ

ਚੰਡੀਗੜ੍ਹ, 6 ਮਾਰਚ (ਜੀ.ਸੀ. ਭਾਰਦਵਾਜ): ਪੰਜਾਬ ਮੰਤਰੀ ਮੰਡਲ ਦੀ ਭਲਕੇ ਬੁਧਵਾਰ ਦੀ ਬੈਠਕ ਵਿਚ ਤਿੰਨ ਵੱਡੇ ਏਜੰਡਿਆਂ ਤੋਂ ਇਲਾਵਾ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹੈਲੀਕਾਪਟਰ ਰਾਹੀਂ ਕੀਤੇ ਸਰਵੇਖਣ ਦੀ ਵੀ ਸ਼ਲਾਘਾ ਕੀਤੀ ਜਾਵੇਗੀ। ਇਸ ਨਿਵੇਕਲੇ ਤੇ ਸਖ਼ਤ ਵਤੀਰੇ ਰਾਹੀਂ ਰੇਤ ਦੀਆਂ ਖੱਡਾਂ ਦੀ ਗ਼ੈਰ ਕਾਨੂੰਨੀ ਪੁਟਾਈ, ਭ੍ਰਿਸ਼ਆਚਾਰ ਅਤੇ ਗੁੰਡਾ ਰਾਜ ਨੂੰ ਸ਼ਹਿ ਦੇਣ ਵਾਲੇ ਅਤੇ ਸਿਆਸੀ ਨੇਤਾਵਾਂ ਦੇ ਰਿਸ਼ਤੇਦਾਰ, ਭਤੀਜੇ ਅਤੇ ਨੇੜਲੇ ਚਹੇਤਿਆਂ ਦਾ ਪਰਦਾਫਾਸ਼ ਕੀਤੇ ਜਾਣ ਦੀ ਕੋਸ਼ਿਸ਼ ਨਾਲ ਕਾਂਗਰਸੀ ਖੇਮਿਆਂ ਵਿਚ ਸੰਨਾਟਾ ਛਾ ਗਿਆ ਹੈ।
ਪੰਜਾਬ ਭਵਨ ਸੈਕਟਰ ਤਿੰਨ ਵਿਚ ਬਾਅਦ ਦੁਪਹਿਰ ਤਿੰਨ ਵਜੇ ਹੋਣ ਵਾਲੀ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ ਜਿਸ ਵਿਚ ਅਗਲੇ ਹਫ਼ਤੇ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਬਜਟ ਸੈਸ਼ਨ, ਰਾਜਪਾਲ ਦੇ ਭਾਸ਼ਨ ਅਤੇ ਹੋਰ ਮੁਦਿਆਂ 'ਤੇ ਵਜ਼ੀਰ ਚਰਚਾ ਕਰਨਗੇ। ਇਹ ਵੀ ਤੈਅ ਕੀਤਾ ਜਾਵੇਗਾ ਕਿ ਰਾਜਪਾਲ ਵੀਪੀ ਸਿੰਘ ਬਦਨੌਰ ਦੇ ਵੱਡਾ ਭਰਾ 82 ਸਾਲਾ ਰਘੁਰਾਜ ਸਿੰਘ ਬਦਨੌਰ ਦੇ ਅੱਜ ਅਕਾਲ ਚਲਾਣੇ ਤੋਂ ਪੈਦਾ ਹੋਈ ਸਥਿਤੀ ਦੀ ਲੋਅ 'ਚ ਬਜਟ ਸੈਸ਼ਨ ਦੀ ਸ਼ੁਰੂਆਤ ਦੀ ਤਰੀਕ ਕਿਹੜੀ ਰੱਖੀ ਜਾਵੇ। ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੈਵੀਰ ਸਿੰਘ ਜਾਖੜ ਵਲੋਂ ਮਾਹਰਾਂ ਦੀ ਸਲਾਹ ਨਾਲ ਤਿਆਰ ਕੀਤੀ ਪੰਜਾਬ ਦੀ ਨਵੀਂ ਖੇਤੀ ਨੀਤੀ ਦੇ ਖਰੜੇ 'ਤੇ ਵੀ ਮੰਤਰੀ ਮੰਡਲ ਚਰਚਾ ਕਰੇਗਾ ਅਤੇ ਇਸ ਲੰਮੀ ਚੌੜੀ ਤੇ ਪ੍ਰੈਕਟੀਕਲ ਪਾਲਿਸੀ ਨੂੰ ਵਿਧਾਨ ਸਭਾ ਵਿਚ ਵੀ ਬਹਿਸ ਕਰਨ ਲਈ ਪੇਸ਼ ਕਰਨ 'ਤੇ ਫ਼ੈਸਲਾ ਲਿਆ ਜਾਵੇਗਾ। ਅਜੈਵੀਰ ਜਾਖੜ ਭਲਕੇ ਸਵੇਰੇ ਇਸ ਨਵੀਂ ਖੇਤੀ ਨੀਤੀ ਦੀ ਕਾਪੀ ਮੁੱਖ ਮੰਤਰੀ ਨੂੰ ਸੌਂਪ ਦੇਣਗੇ।