ਮਥਰਾ ਬੇਅਦਬੀ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਚੁੱਪ ਕਿਉਂ? : ਭੌਰ

ਖ਼ਬਰਾਂ, ਪੰਜਾਬ

ਤਰਨਤਾਰਨ: ਪੰਥਕ ਫ਼ਰੰਟ ਦੇ ਕਨਵੀਨਰ ਸ. ਸੁਖਦੇਵ ਸਿੰਘ ਭੌਰ ਨੇ ਮੱਥਰਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਹੋਈ ਬੇਅਦਬੀ ਮਾਮਲੇ ਤੇ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਆਗਰਾ ਵਿਚਲੇ ਕਾਰ ਸੇਵਾ ਵਾਲੇ ਬਾਬੇ ਦੀ ਭੇਤਭਰੀ ਚੁੱਪ 'ਤੇ ਸਵਾਲ ਚੁਕਦਿਆਂ ਕਿਹਾ ਕਿ ਹੁਣ ਤਕ ਇਹ ਮਾਮਲਾ ਉਤਰ ਪ੍ਰਦੇਸ਼ ਸਰਕਾਰ ਦੇ ਨੋਟਿਸ ਵਿਚ ਕਿਉਂ ਨਹੀਂ ਲਿਆਂਦਾ ਗਿਆ। 

ਅੱਜ ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ. ਭੌਰ ਨੇ ਕਿਹਾ ਕਿ ਘਟਨਾ ਦਾ ਪਤਾ ਲਗਦੇ ਸਾਰ ਹੀ ਸੀਮਤ ਵਸੀਲਿਆਂ ਦੇ ਬਾਵਜੂਦ ਸਤਿਕਾਰ ਕਮੇਟੀ ਵਾਲੇ ਭਾਈ ਸੁਖਜੀਤ ਸਿੰਘ ਖੋਸਾ ਤਾਂ ਮੱਥਰਾ ਪੁੱਜ ਗਏ ਤੇ ਨਾਲੇ ਵਿਚ ਪਏ ਸਰੂਪ ਨੂੰ ਵਾਪਸ ਲੈ ਆਏ ਪਰ ਸਿੱਖਾਂ ਦੀਆਂ ਦੋਵੇਂ ਵੱਡੀਆਂ ਸੰਸਥਾਵਾਂ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਦੀ ਚੁੱਪ ਸੰਕੇਤ ਕਰਦੀ ਹੈ ਕਿ ਇਨ੍ਹਾਂ ਸੰਸਥਾਵਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਪ੍ਰਤੀ ਕੋਈ ਵੀ ਧਿਆਨ ਨਹੀਂ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਬੀ ਐਸ ਐਫ਼ ਦੇ ਕੈਂਪ ਵਿਚ ਇੰਨੀ ਵੱਡੀ ਘਟਨਾ ਕਿਵੇਂ ਵਾਪਰ ਗਈ। 

ਘਟਨਾ ਦੇ ਵਾਪਰ ਜਾਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਨਹੀਂ ਪੁੱਜ ਸਕੇ ਇਸ ਪਿੱਛੇ ਕੀ ਕਾਰਨ ਸੀ? ਚਾਹੀਦਾ ਤਾਂ ਇਹ ਸੀ ਕਿ ਘਟਨਾ ਦਾ ਪਤਾ ਲਗਦੇ ਸਾਰ ਹੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਅਪਣੀ ਇਕ ਸਬ ਕਮੇਟੀ ਮੌਕੇ 'ਤੇ ਭੇਜ ਕੇ ਦੋਸ਼ੀਆਂ ਵਿਰੁਧ ਮਾਮਲਾ ਦਰਜ ਕਰਵਾਉਂਦੀ ਤਾਂ ਕਿ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਸਕਣ। 

ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸ. ਚਰਨਜੀਤ ਸਿੰਘ ਚੱਢਾ ਬਾਰੇ ਬੋਲਦਿਆਂ ਸ. ਭੌਰ ਨੇ ਕਿਹਾ ਕਿ ਵੱਡੀਆਂ ਸਿੱਖ ਸੰਸਥਾਵਾਂ ਵਿਚ ਅਜਿਹੀਆਂ ਘਟਨਾਵਾਂ ਵਾਪਰਨੀਆਂ ਮੰਦਭਾਗੀਆਂ ਹਨ ਤੇ ਇਸ ਮਾਮਲੇ 'ਤੇ ਸਿੱਖਾਂ ਨੂੰ ਸਖ਼ਤ ਰੁਖ਼ ਅਖ਼ਤਿਆਰ ਕਰਨਾ ਚਾਹੀਦਾ ਹੈ।