ਕੋਟਕਪੂਰਾ: ਮਾਸਟਰ ਤਾਰਾ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਨਾਲ ਜੇਲ ਕੱਟਣ ਵਾਲੇ ਟਕਸਾਲੀ ਅਕਾਲੀ ਆਗੂ ਜਥੇ. ਚਾਨਣ ਸਿੰਘ ਨਮਿਤ ਸਥਾਨਕ ਗੁਰਦਵਾਰਾ ਪਾਤਸ਼ਾਹੀ ਦਸਵੀ ਵਿਖੇ ਹੋਈ ਅੰਤਮ ਅਰਦਾਸ ਤੋਂ ਪਹਿਲਾਂ ਉਨ੍ਹਾਂ ਦੇ ਪੋਤਰੇ ਤੇ ਧਾਰਮਕ ਸ਼ਖ਼ਸੀਅਤ ਭਾਈ ਜਤਿੰਦਰਪਾਲ ਸਿੰਘ ਖ਼ਾਲਸਾ ਨੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਈ।
ਉਨ੍ਹਾਂ ਕਿਹਾ ਕਿ ਗੁਰਬਾਣੀ ਦੀ ਸਿਖਿਆ ਤੋਂ ਵਾਂਝੇ ਰਹਿਣ ਅਤੇ ਪਾਸੇ ਜਾਣ ਕਰ ਕੇ ਹੀ ਅਸੀਂ ਮੁਸ਼ਕਲਾਂ ਤੇ ਪ੍ਰੇਸ਼ਾਨੀਆਂ ਦੇ ਸ਼ਿਕਾਰ ਹੋ ਰਹੇ ਹਾਂ। ਅਪਣੇ ਦਾਦਾ ਜੀ ਨੂੰ ਅਸਲੀ ਅਕਾਲੀ ਦਸਦਿਆਂ ਭਾਈ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਦਾਦਾ ਚਾਨਣ ਸਿੰਘ ਨੇ ਪੰਥ 'ਤੇ ਬਣੀ ਭੀੜ ਮੌਕੇ ਪਾਰਟੀ ਦੇ ਹਰ ਆਦੇਸ਼ 'ਤੇ ਫੁੱਲ ਚੜ੍ਹਾਏ, ਸਾਲ 1960 'ਚ ਕੈਦ ਕੱਟੀ, ਉਸ ਸਮੇਂ ਅਕਾਲੀ ਦਲ ਅਸਲੀ ਸੀ ਪਰ ਅੱਜ ਸਿਰਫ਼ ਨਾਂਅ ਦਾ ਹੀ ਅਕਾਲੀ ਦਲ ਰਹਿ ਗਿਆ ਹੈ।
ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ 'ਚ ਵਿਚਰਣ ਵਾਲੇ ਅਕਾਲੀ ਦਲ ਅਤੇ ਅਕਾਲੀਆਂ ਨੂੰ ਸਾਡਾ ਪਰਵਾਰ ਮਾਨਤਾ ਨਹੀਂ ਦਿੰਦਾ ਕਿਉਂਕਿ ਅਨੇਕਾਂ ਕੁਰਬਾਨੀਆਂ ਦੇ ਬਾਵਜੂਦ ਉਨ੍ਹਾਂ ਦੇ ਦਾਦਾ ਜੀ ਦੇ ਅੰਤਮ ਸਸਕਾਰ ਮੌਕੇ ਇਕ ਵੀ ਅਕਾਲੀ ਹਾਜ਼ਰੀ ਲਵਾਉਣ ਨਹੀਂ ਆਇਆ।