ਮੌਸਮ ਵਿਭਾਗ ਦੀ ਜਾਣਕਾਰੀ, ਜਲਦ ਆਪਣੇ ਰੰਗ 'ਚ ਪਰਤੇਗੀ ਠੰਡ, ਇਸ ਦਿਨ ਹੋ ਸਕਦੀ ਹੈ ਬਾਰਿਸ਼

ਖ਼ਬਰਾਂ, ਪੰਜਾਬ

ਸਵੇਰੇ ਅਤੇ ਸ਼ਾਮ ਨੂੰ ਠੰਢ ਨੇ ਜ਼ੋਰ ਫੜ ਲਿਆ ਹੈ। ਜੇਕਰ ਦੁਪਹਿਰ ਦੀ ਗੱਲ ਕਰੀਏ ਤਾਂ ਕਿਸੇ ਹੱਦ ਤੱਕ ਗਰਮਾਹਟ ਦਾ ਅਹਿਸਾਸ ਅਜੇ ਵੀ ਹੁੰਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਨੇ ਦੱਸਿਆ ਕਿ ਬੀਤੇ ਦਿਨੀਂ ਸਥਾਨਕ ਨਗਰੀ ਵਿਚ ਵੱਧ ਤੋਂ ਵੱਧ ਤਾਪਮਾਨ 21.6 ਤੇ ਘੱਟ ਤੋਂ ਘੱਟ 7 ਡਿਗਰੀ ਸੈਲਸੀਅਸ ਰਿਹਾ। ਸਵੇਰ ਦੇ ਸਮੇਂ ਹਵਾ ਵਿਚ ਨਮੀ ਦੀ ਮਾਤਰਾ 97 ਤੇ ਸ਼ਾਮ ਨੂੰ 32 ਫੀਸਦੀ ਰਹੀ, ਜਦ ਕਿ ਦਿਨ ਦੀ ਲੰਬਾਈ 10 ਘੰਟੇ 15 ਮਿੰਟ ਰਿਕਾਰਡ ਕੀਤੀ ਗਈ।
ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਤੇ ਆਲੇ-ਦੁਆਲੇ ਦੇ ਕੁਝ ਹਿੱਸਿਆਂ ਵਿਚ ਆਸਮਾਨ 'ਤੇ ਬੱਦਲ ਛਾਏ ਰਹਿਣ ਦੇ ਨਾਲ ਹੀ ਸਵੇਰ ਤੇ ਦੇਰ ਸ਼ਾਮ ਨੂੰ ਹਲਕੀ ਧੁੰਦ ਦਾ ਸਾਹਮਣਾ ਵੀ ਲੋਕਾਂ ਨੂੰ ਕਰਨਾ ਪੈ ਸਕਦਾ ਹੈ

ਮੌਸਮ ਵਿਗਿਆਨੀ ਡਾ. ਕੇ. ਕੇ. ਗਿੱਲ ਨੇ ਮੀਂਹ ਦੇ ਸਬੰਧ ਵਿਚ ਪੁੱਛੇ ਜਾਣ 'ਤੇ ਇਹ ਸੰਭਾਵਨਾ ਪ੍ਰਗਟ ਕੀਤੀ  ਕਿ 11 ਦਸੰਬਰ ਦੇ ਬਾਅਦ ਮੀਂਹ ਪੈਣ ਨਾਲ ਸਰਦੀ ਆਪਣੇ ਰੰਗ ਵਿਚ ਪਰਤ ਸਕਦੀ ਹੈ। ਯੂਨੀਵਰਸਿਟੀ ਵੱਲੋਂ ਦੇਰ ਸ਼ਾਮ ਜਾਰੀ ਕੀਤੇ ਗਏ ਖੇਤੀ ਮੌਸਮ ਸਲਾਹਕਾਰ ਬੁਲੇਟਿਨ ਵਿਚ ਇਹ ਦੱਸਿਆ ਗਿਆ ਕਿ ਆਉਣ ਵਾਲੇ ਦੋ ਦਿਨਾ ਦੌਰਾਨ ਵੱਧ ਤੋਂ ਵੱਧ ਤਾਪਮਾਨ 23 ਤੋਂ 26 ਡਿਗਰੀ ਸੈਲਸੀਅਸ ਤੇ ਘੱਟੋ-ਘੱਟ 5 ਤੋਂ 10 ਸੈਲਸੀਅਸ ਰਹਿ ਸਕਦਾ ਹੈ ਜਦੋਂ ਕਿ ਹਵਾ ਵਿਚ ਨਮੀ ਦੀ ਵੱਧ ਤੋਂ ਵੱਧ ਮਾਤਰਾ 80 ਤੋਂ 93 ਫੀਸਦੀ ਤੇ ਘੱਟੋ-ਘੱਟ 39 ਤੋਂ 66 ਫੀਸਦੀ ਤੱਕ ਰਹਿਣ ਦੀ ਸੰਭਾਵਨਾ ਹੈ।