ਮੀਂਹ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਲਿਆਂਦੀ ਰੌਣਕ

ਖ਼ਬਰਾਂ, ਪੰਜਾਬ

ਸਰਦੂਲਗੜ੍ਹ, 12 ਦਸੰਬਰ (ਵਿਨੋਦ ਜੈਨ) : ਅੱਜ ਸਵੇਰ ਵੇਲੇ ਤੋਂ ਸਰਦੂਲਗੜ੍ਹ ਖੇਤਰ ਵਿਚ ਚੱਲ ਰਹੀ ਕਿਣ-ਮਿਣ ਨੇ ਹਾੜੀ ਫ਼ਸਲਾਂ ਦੀ ਮਿੱਟੀ ਧੋ ਦਿਤੀ ਹੈ। ਇਸ ਮੀਂਹ ਨੂੰ ਫ਼ਸਲਾਂ ਲਈ ਲਾਹੇਵੰਦ ਦੱਸ ਰਹੇ ਹਨ।
ਜਟਾਣਾ ਖੁਰਦ ਦੇ ਕਿਸਾਨ ਗੁਰਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਦਸਿਆ ਕਿ ਸਵੇਰ ਵੇਲੇ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਨੇ ਪੁੰਗਰ ਕੇ ਗਿੱਟੇ ਗਿੱਟੇ ਹੋਈਆਂ ਅਤੇ ਪੁੰਗਰ ਰਹੀਆਂ ਕਣਕਾਂ ਨੂੰ ਵੱਡਾ ਲਾਭ ਦਿਤਾ ਹੈ। ਮੀਂਹ ਕਾਰਨ ਕਣਕਾਂ 'ਤੇ ਜੰਮੀ ਮਿੱਟੀ ਉਤਰ ਗਈ ਹੈ। ਮਿੱਟੀ ਉਤਰਨ ਕਾਰਨ ਹਰ ਪਾਸੇ ਹਰਿਆਲੀ ਫ਼ੈਲ ਗਈ ਹੈ। ਸੁੱਖਾ ਸਿੰਘ ਵਾਲਾ ਦੇ ਸਬਜ਼ੀ ਉਤਪਾਦਕ ਪਾਲ ਸਿੰਘ ਅਤੇ ਨਿਰਭੈਅ ਸਿੰਘ ਖਾਲਸਾ ਨੇ ਦਸਿਆ ਇਸ ਹਲਕੀ ਬਰਸਾਤ ਨੇ ਘਰੇਲੂ ਲੋੜਾਂ ਵਾਲੀਆਂ ਅਤੇ ਵਪਾਰਕ ਸਬਜ਼ੀਆਂ ਦੀਆਂ ਫ਼ਸਲਾਂ ਵੀ ਤਰੋ ਤਾਜ਼ਾ ਕਰ ਦਿਤੀਆਂ ਹਨ। ਮੀਂਹ ਨੇ ਗੋਭੀ, ਮਟਰ, ਸਿਮਲਾ ਮਿਰਚ, ਅਗੇਤਾ ਪਿਆਜ, ਮੂਲੀ ਸ਼ਲਗਮ, ਸੀਂਗਰੇ ਅਤੇ ਹੋਰਨਾਂ ਸਿਆਲੂ ਸਬਜ਼ੀਆਂ 'ਤੇ ਰੰਗ ਚਾੜ੍ਹ ਦਿਤਾ ਹੈ। ਮੀਂਹ ਨਾਲ ਪਿਆਜੀ ਦੀ ਬਿਜਾਈ ਤੇਜ਼ ਹੋ ਜਾਵੇਗੀ। ਕਿਸਾਨਾਂ ਕਿਹਾ ਜੇਕਰ ਹੋਰ ਭਰਵੀਂ ਬਰਸਾਤ ਹੁੰਦੀ ਹੈ ਤਾਂ ਅਗੇਤੀਆਂ ਪਿਛੇਤੀਆਂ ਕਣਕਾਂ ਦੀ ਕੋਰ ਭੰਨਣ ਦਾ ਕੰਮ ਇਕੋ ਵੇਲੇ ਹੀ ਹੋ ਜਾਣਾ ਹੈ। ਕਣਕਾਂ ਨੂੰ ਖਾਦ ਦੀ ਪਹਿਲੀ ਖੁਰਾਕ ਵੀ ਪੈ ਜਾਣੀ ਹੈ ਅਤੇ ਅਗੇਤੀਆਂ ਕਣਕਾਂ 'ਤੇ ਪੈਦਾ ਹੋਣ ਵਾਲੇ ਰੋਗ ਅਪਣੇ ਆਪ ਹੀ ਖ਼ਤਮ ਹੋ ਜਾਣਗੇ। ਮੀਰਪੁਰ ਕਲਾਂ ਅਤੇ ਆਦਮਕੇ ਪਿੰਡਾਂ ਦੇ ਕਿਸਾਨਾਂ ਦਸਿਆ ਜੇਕਰ ਹੋਰ ਮੀਂਹ ਪੈਂਦਾ ਹੈ ਤਾਂ ਸਾਡੇ ਪਿੰਡਾਂ ਦੀਆਂ ਰੇਤਲੀਆਂ ਜ਼ਮੀਨਾਂ ਵਿਚ ਬਰਾਨੀ ਫਸਲਾਂ ਜੌਂ ਅਤੇ ਤਾਰਾਮੀਰਾ ਬਿਜ ਜਾਵੇਗਾ। ਇਸ ਸਬੰਧ ਵਿਚ ਖੇਤੀਬਾੜੀ ਵਿਕਾਸ ਅਫਸਰ ਸਰਦੂਲਗੜ੍ਹ ਮਨੋਜ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮੀਂਹ ਨਾਲ ਕਣਕ ਦੀ ਫ਼ਸਲ ਨੂੰ ਬਹੁਤ ਫ਼ਾਇਦਾ ਹੈ ਜੋ ਕਣਕ ਦੋ ਤਿੰਨ ਦਿਨ ਪਹਿਲਾ ਬੀਜੀ ਗਈ ਸੀ ਉਸ ਦਾ ਥੋੜਾ ਮੋਟਾ ਨੁਕਸਾਨ ਹੋਵੇਗਾ। ਉਨ੍ਹਾਂ ਦਸਿਆ ਕਿ ਸਰਦੂਲਗੜ੍ਹ ਵਿਚ 4.2 ਐਮ.ਐਮ ਬਾਰਸ਼ ਹੋਈ ਹੈ।