ਐਸ.ਏ.ਐਸ. ਨਗਰ, 4 ਅਕਤੂਬਰ (ਗੁਰਮੁਖ ਵਾਲੀਆ, ਸੁਖਦੀਪ ਸਿੰਘ ਸੋਈ): ਸ਼ਹਿਰ ਵਿਚ ਸਫ਼ਾਈ ਪ੍ਰਬੰਧਾਂ ਦੀ ਘਾਟ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਮੁਹਾਲੀ ਸ਼ਹਿਰ ਅਤੇ ਜ਼ਿਲ੍ਹਾ ਪੰਜਾਬ ਦਾ ਸੱਭ ਤੋਂ ਵੱਧ ਡੇਂਗੂ ਪ੍ਰਭਾਵਤ ਖੇਤਰ ਬਣ ਗਿਆ ਹੈ ਅਤੇ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਹਾਲਾਤ ਇਹ ਹਨ ਕਿ ਜ਼ਿਲ੍ਹੇ ਵਿਚ ਡੇਂਗੂ ਦੀ ਬੀਮਾਰੀ ਨਾਲ ਪੀੜਤ ਮਰੀਜ਼ਾਂ ਦਾ ਅੰਕੜਾ 500 ਦੇ ਨੇੜੇ ਪੁੱਜ ਚੁੱਕਾ ਹੈ ਅਤੇ ਇਸ ਨਾਲ ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ। ਸ਼ਹਿਰ ਦੀਆਂ ਵੱਖ-ਵੱਖ ਸਮੱਸਿਆਵਾਂ ਦੇ ਹੱਲ ਲਈ ਜਾਣੇ ਜਾਂਦੇ ਮਿਊਂਸਪਲ ਕੌਂਸਲਰ ਕੁਲਜੀਤ ਸਿੰਘ ਬੇਦੀ ਕਹਿੰਦੇ ਹਨ ਕਿ ਨਗਰ ਨਿਗਮ ਦੇ ਅਧਿਕਾਰੀ ਸਵੱਛ ਭਾਰਤ ਮੁਹਿੰਮ ਤਹਿਤ ਤਸਵੀਰਾਂ ਖਿਚਵਾਉਣ ਵਿਚ ਰੁਝੇ ਹੋਏ ਹਨ ਅਤੇ ਪਿਛਲੇ ਇਕ ਮਹੀਨੇ ਤੋਂ ਮੱਛਰ ਮਾਰ ਦਵਾਈ ਦਾ ਛਿੜਕਾਅ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਸ਼ਹਿਰ ਵਿਚ ਮੱਛਰਾਂ ਦੀ ਫ਼ੌਜ ਵਿਚ ਬੇਤਹਾਸ਼ਾ ਵਾਧਾ ਹੋਇਆ ਜਿਸ ਕਾਰਨ ਵੱਡੀ ਗਿਣਤੀ ਵਿਚ ਲੋਕ ਡੇਂਗੂ ਦੀ ਬੀਮਾਰੀ ਦੇ ਸ਼ਿਕਾਰ ਹੋ ਰਹੇ ਹਨ।