ਮੋਤੀ ਮਹਿਲ ਦੇ ਘਿਰਾਉ ਨੂੰ ਸਫ਼ਲ ਬਣਾਉਣ ਲਈ ਕਿਸਾਨਾਂ ਦਾ ਨਵਾਂ ਪੈਂਤੜਾ ਧਰਨੇ ਨੂੰ ਸਫ਼ਲ ਬਣਾਉਣ ਲਈ ਦਿਤੇ ਜਾ ਰਹੇ ਹਨ ਨਿਜੀ ਸੱਦੇ

ਖ਼ਬਰਾਂ, ਪੰਜਾਬ



ਬਠਿੰਡਾ, 19 ਸਤੰਬਰ (ਸੁਖਜਿੰਦਰ ਮਾਨ): ਪੁਲਿਸ ਦੀ ਫੜੋ-ਫੜਾਈ ਮੁਹਿੰਮ ਨੂੰ ਕਾਟ ਕਰਨ ਲਈ ਕਿਸਾਨਾਂ ਨੇ ਮੋਤੀ ਮਹਿਲ ਦੇ ਘਿਰਾਉ ਨੂੰ ਸਫ਼ਲ ਬਣਾਉਣ ਲਈ ਨਵਾ ਪੈਂਤੜਾ ਅਪਣਾਇਆ ਹੈ। ਹਾਲਾਂਕਿ ਵੱਡੇ ਆਗੂ ਸਰਕਾਰ ਦੀ ਇਸ ਕਾਰਵਾਈ ਤੋਂ ਬਚਣ ਲਈ ਇਧਰ-ਉਧਰ ਹੋ ਗਏ ਹਨ। ਇਸ ਨਾਲ ਹੀ ਕਿਸਾਨਾਂ ਨੂੰ ਇਸ ਧਰਨੇ ਨਾਲ ਭਾਵਨਤਮਕ ਤੌਰ 'ਤੇ ਜੋੜਣ ਲਈ ਜਥੇਬੰਦੀ ਵਲੋਂ ਘਰ-ਘਰ 'ਚ ਵਿਆਹ ਸ਼ਾਦੀਆਂ ਵਾਂਗ ਸੱਦਾ ਪੱਤਰ ਵੰਡਣੇ ਸ਼ੁਰੂ ਕਰ ਦਿਤੇ ਹਨ।

ਕਿਸਾਨ ਜਥੇਬੰਦੀਆਂ ਵਲੋਂ ਦਿਤੇ ਜਨਤਕ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਵੱਡੇ ਪੱਧਰ 'ਤੇ ਕਾਰਡ ਵੰਡਣ ਦਾ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ। ਹਾਲਾਂਕਿ ਬਰਨਾਲਾ ਰੈਲੀ ਦੌਰਾਨ ਵੀ ਛੋਟੇ ਪੱਧਰ 'ਤੇ ਇਸ ਨੂੰ ਅਜਮਾਇਆ ਗਿਆ ਸੀ। ਸੂਬੇ ਦੀ ਕਾਂਗਰਸ ਸਰਕਾਰ ਵਲੋਂ ਸੱਤ ਕਿਸਾਨ-ਮਜ਼ਦੂਰ ਜਥੇਬੰਦੀਆਂ ਵਲੋਂ 22 ਤੋਂ 26 ਸਤੰਬਰ ਤਕ ਕਰਜ਼ਾ ਮੁਆਫ਼ੀ ਦੇ ਮੁੱਦੇ 'ਤੇ ਮੋਤੀ ਮਹਿਲ ਦੇ ਘਿਰਾਉ ਦੇ ਦਿਤੇ ਪ੍ਰੋਗਰਾਮ ਨੂੰ ਅਸਫ਼ਲ ਬਣਾਉਣ ਲਈ ਵੱਡੀ ਪੱਧਰ 'ਤੇ ਫੜੋ-ਫੜਾਈ ਸ਼ੁਰੂ ਕੀਤੀ ਹੋਈ ਹੈ। ਬੇਸ਼ੱਕ ਪੁਲਿਸ ਵਲੋਂ ਪਿਛਲੇ ਤਿੰਨ ਦਿਨਾਂ 'ਚ ਸੈਂਕੜੇ ਆਗੂਆਂ ਤੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪ੍ਰੰਤੂ ਹਾਲੇ ਤਕ ਵੀ ਵੱਡੇ ਆਗੂ ਸਰਕਾਰ ਦੇ ਰਾਡਾਰ ਤੋਂ ਦੂਰ ਹਨ। ਸੂਤਰਾਂ ਮੁਤਾਬਕ ਪਿਛਲੇ ਲੰਮੇ ਸਮੇਂ ਤੋਂ ਜਨਤਕ ਸੰਘਰਸ਼ਾਂ 'ਚ ਸਰਕਾਰ ਨੂੰ ਠਿੱਬੀ ਲਗਾਉਣ 'ਚ ਮਾਹਰ ਮੰਨੀ ਜਾਂਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵਲੋਂ ਇਸ ਵਾਰ ਵੀ ਅਪਣੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਨਵੀਆਂ ਰਣਨੀਤੀਆਂ ਅਪਣਾਈਆਂ ਜਾ ਰਹੀਆਂ ਹਨ। ਇਸ ਰਣਨੀਤੀ ਤਹਿਤ ਹੇਠਲੇ ਪੱਧਰ 'ਤੇ ਆਮ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਵਰਗੇ ਮੁੱਦੇ 'ਤੇ ਭਾਵਨਤਮਕ ਤਰੀਕੇ ਨਾਲ ਜੋੜ ਕੇ ਇਸ ਘਿਰਾਉ 'ਚ ਵੱਧ ਤੋਂ ਵੱਧ ਇਕੱਠ ਕਰਨ ਦੀ ਕੋਸ਼ਿਸ਼ ਹੈ। ਕਿਸਾਨ ਆਗੂਆਂ ਮੁਤਾਬਕ ਨਿਜੀ ਤੌਰ 'ਤੇ ਦਿਤਾ ਗਿਆ ਸੱਦਾ ਪੱਤਰ ਕਾਫ਼ੀ ਮਹੱਤਤਾ ਰੱਖਦਾ ਹੈ। ਇਸ ਯੋਜਨਾ ਨੂੰ ਸਿਰੇ ਚਾੜਣ ਲਈ ਪਿੰਡ ਪੱਧਰ ਦੇ ਆਗੂਆਂ ਤੇ ਵਰਕਰਾਂ ਵਲੋਂ ਮਾਲਵਾ ਪੱਟੀ ਦੇ ਹਰ ਇਕ ਕਿਸਾਨ ਪ੍ਰਵਾਰ ਦੇ ਮੁਖੀ ਨਾਮ ਇਕ ਸੱਦਾ ਪੱਤਰ ਘਰ-ਘਰ ਪਹੁੰਚਾਇਆ ਜਾ ਰਿਹਾ ਹੈ ਜਿਸ ਨਾਲ ਹੀ ਉਨ੍ਹਾਂ ਨੂੰ ਕਿਸਾਨੀ ਮੁੱਦਿਆਂ 'ਤੇ ਯੂਨੀਅਨ ਨਾਲ ਵੀ ਜੋੜਣ ਦਾ ਮੰਤਵ ਹੈ।

ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਵਿਆਹ-ਸ਼ਾਦੀਆਂ ਦੀ ਤਰ੍ਹਾਂ ਨਿਜੀ ਤੌਰ 'ਤੇ ਸੱਦਾ ਪੱਤਰ ਦੇਣਾ ਕਾਫ਼ੀ ਲਾਹੇਵੰਦ ਹੁੰਦਾ ਹੈ ਕਿਉਂਕਿ ਇਸ ਨਾਲ ਹਰ ਇਕ ਕਿਸਾਨ ਪ੍ਰਵਾਰ ਖ਼ੁਦ ਨੂੰ ਇਸ ਮੁੱਦੇ ਨਾਲ ਜੁੜਿਆ ਮਹਿਸੂਸ ਕਰਦਾ ਹੈ।  ਉਨ੍ਹਾਂ ਕਿਹਾ ਕਿ ਇਸ ਸੱਦਾ ਪੱਤਰ ਰਾਹੀਂ ਹਰ ਇਕ ਪਰਵਾਰ ਨੂੰ ਇਕ ਮੈਂਬਰ ਜ਼ਰੂਰ ਇਸ ਧਰਨੇ ਵਿਚ ਹਾਜ਼ਰ ਹੋਣ ਦੀ ਅਪੀਲ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਘਿਰਾਉ ਦੇ ਪ੍ਰੋਗਰਾਮ ਨੂੰ ਸਫ਼ਲ ਕਰਨ ਲਈ ਪਿੰਡ ਪੱਧਰ 'ਤੇ ਹੀ ਰਸਦ ਇਕੱਠੀ ਕੀਤੀ ਜਾ ਰਹੀ ਹੈ।