ਮੁੰਗਫਲੀਆਂ ਦਾ ਰਾਜਾ ਹੈ ਸਿਮਰਪਾਲ ਸਿੰਘ, ਲਗਭਗ ਅੱਧੀ ਦੁਨੀਆਂ ਨੂੰ ਮੁੰਗਫਲੀ ਖਵਾਉਂਦਾ ਹੈ

ਖ਼ਬਰਾਂ, ਪੰਜਾਬ

ਚੰਡੀਗੜ੍ਹ, 8 ਫ਼ਰਵਰੀ (ਸਸਸ): ਅੰਮ੍ਰਿਤਸਰ ਦਾ ਰਹਿਣ ਵਾਲਾ ਸਿਮਰਪਾਲ ਸਿੰਘ ਅੱਜ ਅਰਜਨਟੀਨਾ ਵਿਚ 'ਪੀਨਟ ਕਿੰਗ ਯਾਨੀ ਮੁੰਗਫ਼ਲੀ ਦਾ ਰਾਜਾ' ਨਾਂਅ ਤੋਂ ਜਾਣਿਆਂ ਜਾਂਦਾ ਹੈ। ਸਿੰਗਾਪੁਰ ਆਧਾਰਤ ਸਿਮਰਪਾਲ ਦੀ ਕੰਪਨੀ ਓਲਮ ਇੰਟਰਨੈਸ਼ਨਲ ਅੱਜ ਦੁਨੀਆਂ ਦੀ ਦੂਜੀ ਸੱਭ ਤੋਂ ਵੱਡੀ ਮੁੰਗਫਲੀ ਨਿਰਯਾਤਕ ਕੰਪਨੀ ਹੈ। ਹਜ਼ਾਰਾਂ ਹੈਕਟੇਅਰਜ਼ ਖੇਤਾਂ ਦੇ ਮਾਲਕ ਸਿਮਰਪਾਲ ਮੁੰਗਫ਼ਲੀ, ਸੋਇਆ, ਮੱਕਾ ਅਤੇ ਚਾਵਲ ਦੀ ਖੇਤੀ ਕਰ ਕੇ ਸਾਰੀ ਦੂਨੀਆਂ ਵਿਚ ਨਿਰਯਾਤ ਕਰਦੇ ਹਨ। ਅੰਮ੍ਰਿਤਸਰ ਦੇ ਰਹਿਣ ਵਾਲੇ ਸਿਮਰਪਾਲ ਨੇ ਗੁਰੂਨਾਨਕ ਦੇਵ ਯੂਨੀਵਰਸਟੀ ਤੋਂ ਖੇਤੀ ਵਿਚ ਬੀਏਸੀ ਆਨਰਜ਼ ਕੀਤਾ ਅਤੇ ਬਾਅਦ ਵਿਚ ਗੁਜਰਾਤ ਇੰਸਟੀਚਿਊਟ ਆਫ਼ ਰੂਰਲ ਮੈਨੇਜਮੈਂਟ ਵਿਚ ਐਮਬੀਏ ਕੀਤਾ। ਇਕ ਇੰਟਰਵਿਊ ਵਿਚ ਸਿਮਰਪਾਲ ਨੇ ਕਿਹਾ ਕਿ ਅਫ਼ਰੀਕਾ, ਘਾਨਾ, ਆਈਵਰੀ ਕੋਸਟ ਆਦਿ ਥਾਵਾਂ 'ਤੇ ਕੰਮ ਕਰਨ ਤੋਂ ਬਾਅਦ ਉਨ੍ਹਾਂ ਦਾ ਪਰਵਾਰ 2005 ਵਿਚ ਅਰਜਨਟੀਨਾ ਆ ਕੇ ਰਹਿਣ ਲੱਗ ਪਿਆ। ਉਨ੍ਹਾਂ ਕਿਹਾ ਕਿ ਅਰਜਨਟੀਨਾ ਵਿਚ ਵੱਡੇ ਪੱਧਰ 'ਤੇ ਖੇਤੀ ਕਰਨਾ ਮੁਸ਼ਕਲ ਕੰਮ ਸੀ ਪਰ ਫਿਰ ਵੀ ਉਸ ਨੇ ਵੱਡੀ ਰਕਮ ਦੇ ਕੇ ਸ਼ੁਰੂ ਵਿਚ ਕਈ ਤਰ੍ਹਾਂ ਦੀਆਂ ਫ਼ਸਲਾਂ ਅਤੇ ਖੇਤੀ ਕਰਨ ਲਈ 40 ਹੈਕਟੇਅਰ ਜ਼ਮੀਨ ਖ਼ਰੀਦ ਲਈ। ਮੌਜੂਦਾ ਸਮੇਂ ਵਿਚ ਸਿਮਰਪਾਲ 20 ਹਜ਼ਾਰ ਹੈਕਟੇਅਰ ਜ਼ਮੀਨ 'ਤੇ ਮੁੰਗਫਲੀ ਦੀ ਖੇਤੀ ਕਰਦੇ ਹਨ।

 10 ਹਜ਼ਾਰ ਹੈਕਟੇਅਰ 'ਤੇ ਸੋਇਆ ਅਤੇ ਮੱਕੇ ਦੀ ਬਿਜਾਈ ਕਰਦੇ ਹਨ। ਇਸ ਦੇ ਨਾਲ-ਨਾਲ ਉਨ੍ਹਾਂ 1700 ਹੈਕਟੇਅਰ ਜ਼ਮੀਨ ਚਾਵਲ ਦੀ ਖੇਤੀ ਲਈ ਪੱਟੇ 'ਤੇ ਦਿਤੀ ਹੋਈ ਹੈ। ਸਿਮਰਪਾਲ ਖੇਤਾਂ ਵਿਚ ਭਾਰਤ ਦੇ ਰਵਾਇਤੀ ਢੰਗ ਨਾਲ ਖੇਤੀ ਨਹੀਂ ਕਰਦੇ ਬਲਕਿ ਉਹ ਮਸ਼ੀਨਾਂ ਤੋਂ ਕੰਮ ਲੈਂਦੇ ਹਨ। ਉਨ੍ਹਾਂ ਦਸਿਆ ਕਿ ਉਨ੍ਹਾਂ ਦਾ ਕਾਰੋਬਾਰ 70 ਦੇਸ਼ਾਂ ਵਿਚ ਫੈਲਿਆ ਹੋਇਆ ਹੈ। ਸਿਮਰਪਾਲ ਨੇ ਅਪਣੀ ਕੰਪਨੀ ਓਲਮ ਇੰਟਰਨੈਸ਼ਨਲ ਦਾ ਮੁੱਖ ਦਫ਼ਤਰ ਸਿੰਗਾਪੁਰ ਵਿਚ ਬਣਾਇਆ ਹੋਇਆ ਹੈ। ਓਲਮ ਕੰਪਨੀ ਦਾ ਸਾਲਾਨਾ ਰੈਵੇਨਿਊ ਅੱਠ ਖ਼ਰਬ ਰੁਪਏ ਹੈ। ਕੰਪਨੀ ਕੋਲ ਖੇਤੀ ਨਾਲ ਜੁੜੇ ਹੋਏ 47 ਉਤਪਾਦ ਹਨ। 70 ਦੇਸ਼ਾਂ ਵਿਚ ਕੰਪਨੀ ਦੇ 17 ਹਜ਼ਾਰ ਮੁਲਾਜ਼ਮ ਕੰਮ ਕਰਦੇ ਹਨ। ਅਰਜਨਟੀਨਾ ਵਿਚ ਸਿਮਰਪਾਲ ਦੇ ਦਫ਼ਤਰ ਵਿਚ 200 ਮੁਲਾਜ਼ਮਾਂ ਵਿਚੋਂ ਸਿਰਫ਼ ਦੋ ਹੀ ਭਾਰਤੀ ਹਨ। ਸਿਮਰਪਾਲ ਨੇ ਦਸਿਆ ਕਿ ਜਦ ਲੋਕ ਉਨ੍ਹਾਂ ਨੂੰ ਕਿੰਗ ਕਹਿੰਦੇ ਹਨ ਤਾਂ ਉਨ੍ਹਾਂ ਨੂੰ ਸ਼ਰਮ ਆ ਜਾਂਦੀ ਹੈ। ਹਰ ਕੋਈ ਉਨ੍ਹਾਂ ਦੀ ਦਸਤਾਰ ਨੂੰ ਪਸੰਦ ਕਰਦਾ ਹੈ। ਉਨ੍ਹਾਂ ਦਸਿਆ ਦਿ ਉਥੇ ਲੋਕ ਸੋਚਦੇ ਹਨ ਕਿ ਦਸਤਾਰ ਸਜਾਉਣ ਵਾਲਾ ਵਿਅਕਤੀ ਅਮੀਰ ਅਤੇ ਸ਼ਾਹੀ ਪਰਵਾਰ ਤੋਂ ਹੈ। ਉਨ੍ਹਾਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਅਰਜਨਟੀਨਾ ਫ਼ੁਟਬਾਲ ਟੀਮ ਦੇ ਸਮਰਥਕ ਸਨ ਪਰ ਉਨ੍ਹਾਂ ਇਹ ਕਦੇ ਵੀ ਨਹੀਂ ਸੋਚਿਆ ਸੀ ਕਿ ਉਹ ਕੰਮ ਕਰਨ ਲਈ ਇਕ ਦਿਨ ਅਰਜਨਟੀਨਾ ਵਿਚ ਹੀ ਆਉਣਗੇ।  (ਏਜੰਸੀ)