ਪਟਿਆਲਾ, 27 ਜਨਵਰੀ : (ਬਲਵਿੰਦਰ ਸਿੰਘ ਭੁੱਲਰ) : ਦੇਸ਼ ਦੇ 69ਵੇਂ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਦੇ ਯਾਦਵਿੰਦਰਾ ਪਬਲਿਕ ਸਕੂਲ ਦੇ ਸਟੇਡੀਅਮ ਵਿਖੇ ਕੌਮੀ ਝੰਡਾ ਤਿਰੰਗਾ ਲਹਿਰਾਇਆ। ਮੁੱਖ ਮੰਤਰੀ ਨੇ ਇਸ ਮੌਕੇ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦਾ ਆਗ਼ਾਜ਼ ਕਰਦਿਆਂ ਪੰਜਾਬ ਦੇ ਲੋੜਵੰਦਾਂ ਨੂੰ ਵੱਖ-ਵੱਖ ਸਰਕਾਰੀ ਸਕੀਮਾਂ ਦੇ ਲਾਭ ਦੇਣ ਦੀ ਸ਼ੁਰੂਆਤ ਕੀਤੀ। ਇਸੇ ਦੌਰਾਨ ਉਨ੍ਹਾਂ ਨੇ ਖ਼ੁਰਾਕ ਤੇ ਸਿਵਲ ਸਪਲਾਈਜ ਵਿਭਾਗ ਦੀ ਪੁਰਾਣੀ ਆਟਾ ਦਾਲ ਸਕੀਮ ਲਈ ਨੀਲੇ ਕਾਰਡਾਂ ਨੂੰ ਰੱਦ ਕਰਦਿਆਂ ਇਨ੍ਹਾਂ ਦੀ ਥਾਂ 'ਤੇ ਸਮਾਰਟ ਕਾਰਡ ਜਾਰੀ ਕੀਤੇ। ਮੁੱਖ ਮੰਤਰੀ ਨੇ ਪਿਛਲੇ 10 ਸਾਲਾਂ ਤੋਂ ਵਿਕਾਸ ਪੱਖੋਂ ਅੱਖੋਂ ਪਰੋਖੇ ਕੀਤੇ ਵਿਰਾਸਤੀ ਸ਼ਹਿਰ ਪਟਿਆਲਾ ਅਤੇ ਜ਼ਿਲ੍ਹੇ ਦੇ ਬਾਕੀ ਦਿਹਾਤੀ ਖੇਤਰ ਦੇ ਵਿਕਾਸ ਲਈ ਵੀ 50 ਕਰੋੜ ਰੁਪਏ ਦੇ ਹੋਰ ਪ੍ਰਾਜੈਕਟਾਂ ਦਾ ਐਲਾਨ ਵੀ ਕੀਤਾ। ਜਦਕਿ ਇਸ ਤੋਂ ਪਹਿਲਾਂ ਵੀ ਉਹ ਇਥੇ ਦੇ ਵਿਕਾਸ ਲਈ 100 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਪਹਿਲਾਂ ਹੀ ਕਰ ਚੁੱਕੇ ਹਨ।ਇਸ ਤੋਂ ਪਹਿਲਾਂ ਪੰਜਾਬ ਵਾਸੀਆਂ ਦੇ ਨਾਮ ਅਪਣੇ ਸੰਦੇਸ਼ 'ਚ ਮੁੱਖ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਨਾ ਕਰਨ ਦੀ ਅਪੀਲ ਕੀਤੀ ਅਤੇ ਦਸਿਆ ਕਿ ਪੰਜਾਬ ਸਰਕਾਰ ਮਾੜੀ ਮਾਲੀ ਹਾਲਤ ਦੇ ਬਾਵਜੂਦ ਨਵੰਬਰ 2018 ਤਕ ਸਾਰੇ 17 ਲੱਖ ਕਿਸਾਨਾਂ ਨੂੰ ਸਰਕਾਰ ਦੀ ਕਰਜ਼ਾ ਮਾਫ਼ੀ ਸਕੀਮ ਦਾ ਲਾਭ ਦੇਵੇਗੀ ਜਦਕਿ ਹੁਣ ਤਕ 10 ਲੱਖ 25 ਹਜ਼ਾਰ ਕਿਸਾਨਾਂ ਨੂੰ ਦੋ ਲੱਖ ਰੁਪਏ ਤਕ ਦੇ ਕਰਜ਼ ਮਾਫ਼ੀ ਦਾ ਲਾਭ ਦੇ ਦਿਤਾ ਗਿਆ ਹੈ।ਕੈਪਟਨ ਅਮਰਿੰਦਰ ਸਿੰਘ ਨੇ ਦਸਿਆ ਕਿ ਜਦੋਂ ਪਿਛਲੇ ਸਾਲ 16 ਮਾਰਚ ਨੂੰ ਉਨ੍ਹਾਂ ਨੇ ਸਰਕਾਰ ਸੰਭਾਲੀ ਤਾਂ ਉਸ ਵੇਲੇ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ 10 ਸਾਲਾਂ ਦੀ ਮਾੜੀ ਕਾਰਗੁਜ਼ਾਰੀ ਦੇ ਚਲਦਿਆਂ 2 ਲੱਖ 8 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸੀ।
ਉਨ੍ਹਾਂ ਦਸਿਆ ਕਿ ਇਸ ਦੇ ਬਾਵਜੂਦ ਪੰਜਾਬ ਸਰਕਾਰ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਸੱਭ ਤੋਂ ਵੱਧ ਦੋ ਲੱਖ ਰੁਪਏ ਦੀ ਕਰਜ਼ਾ ਮਾਫ਼ੀ ਦਾ ਲਾਭ ਦੇ ਰਹੀ ਹੈ ਅਤੇ ਉਹ ਹੋਰ ਵੀ ਭਲਾਈ ਸਕੀਮਾਂ ਨੂੰ ਲਾਗੂ ਕਰਨ ਲਈ ਅਪਣੀ ਵਚਨਬੱਧਤਾ 'ਤੇ ਕਾਇਮ ਹਨ। ਇਸ ਮੌਕੇ ਮੁੱਖ ਮੰਤਰੀ ਨੇ 'ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ' ਨੂੰ ਲਾਗੂ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਮਹਾਤਮਾਂ ਗਾਂਧੀ ਦੇ ਕਥਨ ਮੁਤਾਬਕ 'ਹਰ ਅੱਖ 'ਚੋਂ ਹਰ ਅੱਥਰੂ' ਪੂੰਝਣ ਲਈ ਵਚਨਬੱਧ ਹੈ ਅਤੇ ਇਸ ਯੋਜਨਾ ਤਹਿਤ ਸਮਾਜ ਦੇ ਹਰ ਤਬਕੇ ਦੇ ਦੱਬੇ ਕੁਚਲੇ ਅਤੇ ਲੋੜਵੰਦ ਨਾਗਰਿਕਾਂ ਦੀ ਮਦਦ ਕਰਨ ਲਈ ਇਨ੍ਹਾਂ ਦੀ ਵੱਡੀ ਗਿਣਤੀ 'ਚ ਪਛਾਣ ਕੀਤੀ ਹੈ। ਉਨ੍ਹਾਂ ਦਸਿਆ ਕਿ ਇਸ ਤਹਿਤ ਸਰਕਾਰ ਦੀਆਂ ਵੱਖ-ਵੱਖ 20 ਸਕੀਮਾਂ ਦਾ ਲਾਭ ਅੱਜ ਤੋਂ ਕਰੀਬ ਦੋ ਲੱਖ ਲੋਕਾਂ ਨੂੰ ਮਿਲਣ ਲੱਗ ਪਿਆ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਆਟਾ ਦਾਲ ਸਕੀਮ ਲਈ ਪੁਰਾਣੇ ਨੀਲੇ ਕਾਰਡਾਂ ਨੂੰ ਰੱਦ ਕਰਦਿਆਂ ਖ਼ੁਰਾਕ ਤੇ ਸਿਵਲ ਸਪਲਾਈਜ ਵਿਭਾਗ ਵਲੋਂ ਜਾਰੀ ਕੀਤੇ ਸਮਾਰਟ ਕਾਰਡਾਂ ਬਾਰੇ ਦਸਿਆ। ਉਨ੍ਹਾਂ ਦਸਿਆ ਕਿ ਸਮਾਰਟ ਕਾਰਡ ਰਾਹੀਂ ਹੁਣ ਰਾਸ਼ਨ ਡਿਪੂਆਂ ਉਪਰ ਖਪਤਕਾਰਾਂ ਦੀ ਬਾਇਉ-ਮੀਟ੍ਰਿਕ ਪਹਿਚਾਣ ਕਰਨ ਦੇ ਨਾਲ ਰਾਸ਼ਨ ਦੀ ਵੰਡ ਨੂੰ ਦਰਜ ਕਰਨ ਲਈ ਈ-ਪੌਸ ਮਸ਼ੀਨਾਂ ਲਾਈਆਂ ਜਾਣਗੀਆਂ, ਜਿਨ੍ਹਾਂ ਨਾਲ ਭਾਰ ਤੋਲਣ ਵਾਲੀਆਂ ਮਸ਼ੀਨਾਂ ਤੇ ਅੱਖਾਂ ਦੀ ਪੁਤਲੀ ਨੂੰ ਸਕੈਨ ਕਰਨ ਵਾਲੀਆਂ ਮਸ਼ੀਨਾਂ ਜੋੜੀਆਂ ਜਾਣਗੀਆਂ।