ਮੁਹਾਲੀ, 8 ਮਾਰਚ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬ੍ਰਿਟਿਸ਼ ਹਾਈ ਕਮਿਸ਼ਨਰ ਡੌਮਨਿਕ ਅਸਕਿਊਥ ਨੇ ਵੀਰਵਾਰ ਨੂੰ ਇਥੇ ਸੂਬੇ ਵਿਚ ਸਨਅਤੀ ਆਧੁਨਿਕੀਕਰਨ, ਹੁਨਰ ਵਿਕਾਸ, ਫ਼ੂਡ ਪ੍ਰੋਸੈਸਿੰਗ ਅਤੇ ਕੋਲਡ ਚੇਨ ਸਹੂਲਤਾਂ 'ਚ ਸਹਿਯੋਗ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਪੰਜਾਬ ਤੋਂ ਯੂ.ਕੇ. ਵਿਚ ਗ਼ੈਰਕਾਨੂੰਨੀ ਆਵਾਸ ਨੂੰ ਠੱਲ੍ਹ ਪਾਉਣ ਅਤੇ ਨਜ਼ਰ ਰੱਖਣ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ। ਇਸ ਬੈਠਕ ਬਾਅਦ ਸਰਕਾਰੀ ਤਰਜਮਾਨ ਨੇ ਦਸਿਆ ਕਿ ਮੁੱਖ ਮੰਤਰੀ ਤੇ ਹਾਈ ਕਮਿਸ਼ਨਰ ਨੇ ਗ਼ੈਰਕਾਨੂੰਨੀ ਆਵਾਸ ਰਾਹੀਂ ਭੋਲੇ-ਭਾਲੇ ਲੋਕਾਂ ਦੀ ਲੁੱਟ ਕਰਨ ਵਾਲੇ ਟਰੈਵਲ ਏਜੰਟਾਂ ਨੂੰ ਨੱਥ ਪਾਉਣ ਲਈ ਕਦਮ ਚੁੱਕਣ ਦੀ ਲੋੜ ਉੱਤੇ ਸਹਿਮਤੀ ਪ੍ਰਗਟਾਈ। ਇਸ ਗੱਲਬਾਤ ਦਾ ਏਜੰਡਾ ਸਨਅਤੀ ਆਧੁਨਿਕੀਕਰਨ ਸੀ ਜਿਸ ਵਿਚ ਸੂਬੇ ਵਿਚ ਸਨਅਤੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਰੋਬੋਟਿਕਸ ਅਤੇ ਆਰਟੀਫੀਸ਼ਲ ਇੰਟੈਲੀਜੈਂਸ ਦੀ ਵਰਤੋਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਉਨ੍ਹਾਂ ਨੇ ਇਸ 'ਤੇ ਮਿਲ ਕੇ ਕੰਮ ਕਰਨ ਲਈ ਸਹਿਮਤੀ ਪ੍ਰਗਟਾਈ। ਮੁੱਖ ਮੰਤਰੀ ਨੇ ਪੰਜਾਬ 'ਚ ਨਵੀਂ ਸਨਅਤੀ ਨੀਤੀ ਤੋਂ ਬਾਅਦ ਵੱਡੀਆਂ ਨਿਵੇਸ਼ ਸੰਭਾਵਨਾਵਾਂ ਪੈਦਾ ਹੋਣ ਦਾ ਜ਼ਿਕਰ ਕੀਤਾ।