ਮੁੱਖ ਮੰਤਰੀ ਵਲੋਂ 'ਅਪਣੀਆਂ ਜੜ੍ਹਾਂ ਨਾਲ ਜੁੜੋ' ਪ੍ਰੋਗਰਾਮ ਦਾ ਆਗ਼ਾਜ਼

ਖ਼ਬਰਾਂ, ਪੰਜਾਬ


ਲੰਡਨ, 14 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਡਨ ਤੋਂ ਅਪਣੀ ਸਰਕਾਰ ਦੇ ਨਿਵੇਕਲੇ ਉਦਮ ਦਾ ਆਰੰਭ ਕਰਦਿਆਂ 'ਅਪਣੀਆਂ ਜੜ੍ਹਾਂ ਨਾਲ ਜੁੜੋ' ਆਲਮੀ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਆਖਿਆ ਕਿ ਇਹ ਪ੍ਰੋਗਰਾਮ ਦੂਜੇ ਮੁਲਕਾਂ ਵਿਚ ਰਹਿ ਰਹੇ ਭਾਰਤੀ ਮੂਲ ਦੇ ਨੌਜਵਾਨਾਂ ਨੂੰ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਬਾਰੇ ਜਾਣੂੰ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਖ਼ਾਲਿਸਤਾਨੀਆਂ ਦੇ ਝੂਠੇ ਪ੍ਰਚਾਰ ਤੋਂ ਦੂਰ ਰਖਣ ਵਿਚ ਸਹਾਈ ਹੋਵੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਭਾਰਤ ਤੋਂ ਬਾਹਰੀ ਮੁਲਕਾਂ ਵਿਚ ਜੰਮੀ-ਪਲੀ ਤੀਜੀ ਤੇ ਚੌਥੀ ਪੀੜ੍ਹੀ ਦੇ ਨੌਜਵਾਨਾਂ ਨੂੰ ਝੂਠੇ ਪ੍ਰਚਾਰ ਰਾਹੀਂ ਗੁਮਰਾਹ ਕੀਤਾ ਜਾ ਰਿਹਾ ਹੈ ਜੋ ਖ਼ਾਲਿਸਤਾਨੀ ਲਹਿਰ ਦੀ ਪ੍ਰੋੜਤਾ ਕਰਦਾ ਹੈ। ਉਨ੍ਹਾਂ ਆਖਿਆ ਕਿ ਇਸ ਉਪਰਾਲੇ ਦਾ ਉਦੇਸ਼ ਇਨ੍ਹਾਂ ਨੌਜਵਾਨਾਂ ਨੂੰ ਪੰਜਾਬ ਦੀ ਸੱਚੀ ਤਸਵੀਰ ਦਿਖਾਉਣਾ ਹੈ। ਮੁੱਖ ਮੰਤਰੀ ਨੇ ਇਨ੍ਹਾਂ ਨੌਜਵਾਨਾਂ ਨੂੰ ਖੁੱਲ੍ਹੇ ਮਾਹੌਲ ਵਿਚ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਨੂੰ ਸਮਝਣ ਅਤੇ ਅਪਣੀ ਪਹਿਚਾਣ ਨੂੰ ਮੁੜ ਲੱਭਣ ਲਈ ਸ਼ੁਰੂ ਕੀਤੀ ਮੁਹਿੰਮ ਵਿਚ ਸ਼ਾਮਲ ਹੋਣ ਦਾ ਸੱਦਾ ਦਿਤਾ। ਮੁੱਖ ਮੰਤਰੀ ਨੇ 16 ਤੋਂ 22 ਸਾਲ ਦੀ ਉਮਰ ਦੇ ਮੁੰਡੇ ਤੇ ਕੁੜੀਆਂ ਖ਼ਾਸਕਰ ਕਦੀ ਵੀ ਭਾਰਤ ਨਾ ਆਉਣ ਵਾਲੇ ਨੌਜਵਾਨਾਂ ਨੂੰ ਸਰਕਾਰ ਵਲੋਂ ਸ਼ੁਰੂ ਕੀਤੇ ਦੋ ਹਫ਼ਤਿਆਂ ਦੇ ਪ੍ਰੋਗਰਾਮ ਵਿਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦਾ ਵੀ ਸੱਦਾ ਦਿਤਾ ਜੋ ਉਨ੍ਹਾਂ ਨੂੰ ਅਪਣੀਆਂ ਜੜ੍ਹਾਂ ਨਾਲ ਜੁੜਨ ਦਾ ਮੌਕਾ ਮੁਹਈਆ ਕਰਵਾਏਗਾ।

ਮੁੱਖ ਮੰਤਰੀ ਨੇ ਆਖਿਆ ਕਿ ਇਹ ਪ੍ਰੋਗਰਾਮ ਉਨ੍ਹਾਂ ਦੀ ਪਾਰਟੀ ਤੇ ਸਰਕਾਰ ਦੀ ਸੋਚ ਤੋਂ ਪ੍ਰੇਰਤ ਹੋਣ ਦੇ ਨਾਲ-ਨਾਲ ਭਾਰਤ ਸਰਕਾਰ ਦੀ ਇੱਛਾ ਮੁਤਾਬਕ ਹੈ ਕਿ ਅਜਿਹੇ ਨੌਜਵਾਨਾਂ ਨੂੰ ਪੰਜਾਬ ਆ ਕੇ ਸੂਬੇ ਦੀ ਸਫ਼ਲਤਾ ਅਤੇ ਨਾਕਾਮੀ ਦਾ ਪਤਾ ਲਾਉਣ ਲਈ ਵਿਦਿਆਰਥੀਆਂ ਸਮੇਤ ਹੋਰ ਵੱਖ-ਵੱਖ ਲੋਕਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਇਹ ਪ੍ਰੋਗਰਾਮ ਉਨ੍ਹਾਂ ਨੂੰ ਅਪਣੇ ਵਿਰਸੇ ਅਤੇ ਸਭਿਆਚਾਰ ਦੇ ਨਾਲ-ਨਾਲ ਅਪਣੇ ਪੁਰਖਿਆਂ ਦੀਆਂ ਜੜ੍ਹਾਂ ਨਾਲ ਜੁੜਨ ਦਾ ਮੰਚ ਮੁਹਈਆ ਕਰਵਾਏਗਾ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਪ੍ਰੋਗਰਾਮ ਅਧੀਨ ਹਰ ਦੋ ਮਹੀਨਿਆਂ ਵਿਚ 15 ਨੌਜਵਾਨਾਂ ਦਾ ਗਰੁਪ ਪੰਜਾਬ ਆਵੇਗਾ ਜਿਸ ਵਿਚ  (ਬਾਕੀ ਸਫ਼ਾ 7 'ਤੇ)
ਵੱਖ-ਵੱਖ ਮੁਲਕਾਂ ਦੇ ਨੌਜਵਾਨ ਸ਼ਾਮਲ ਹੋਣਗੇ। ਇਸ ਪ੍ਰੋਗਰਾਮ ਲਈ ਇਸ ਸਾਲ ਸੂਬਾ ਸਰਕਾਰ ਨੇ ਬਜਟ ਦਾ ਉਪਬੰਧ ਪਹਿਲਾਂ ਹੀ ਕੀਤਾ ਹੋਇਆ ਹੈ। ਸਰਕਾਰ ਵਲੋਂ ਬਾਕੀ ਮੁਲਕਾਂ ਤੋਂ ਪਹਿਲਾਂ ਨੌਜਵਾਨਾਂ ਦੇ ਪਹਿਲੇ ਤਿੰਨ ਗਰੁਪ ਬਰਤਾਨੀਆ ਤੋਂ ਲਿਆਉਣ ਬਾਰੇ ਵਿਚਾਰਿਆ ਜਾ ਸਕਦਾ ਹੈ।

ਪਹਿਲੇ ਪੜਾਅ ਵਿਚ ਇਸ ਪ੍ਰੋਗਰਾਮ ਦੇ ਹਿੱਸੇ ਵਜੋਂ ਬਰਤਾਨੀਆ ਤੋਂ ਇਲਾਵਾ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਯੂਰਪੀਅਨ ਯੂਨੀਅਨ ਦੇ ਨੌਜਵਾਨ ਲਿਆਉਣ ਦਾ ਪ੍ਰਸਤਾਵ ਹੈ ਜਿਸ ਲਈ ਅਰਜ਼ੀਕਰਤਾ ਨੂੰ ਭਾਰਤ ਆਉਣ-ਜਾਣ ਦਾ ਖ਼ਰਚਾ ਸਹਿਣ ਕਰਨਾ ਹੋਵੇਗਾ ਜਦਕਿ ਪੰਜਾਬ ਵਿਚ ਰਹਿਣ-ਸਹਿਣ, ਸਥਾਨਕ ਆਉਣ-ਜਾਣ ਲਈ ਅਤੇ ਵੱਖ-ਵੱਖ ਥਾਵਾਂ ਦੇਖਣ ਦਾ ਖ਼ਰਚਾ ਪੰਜਾਬ ਸਰਕਾਰ ਵਲੋਂ ਸਹਿਣ ਕੀਤਾ ਜਾਵੇਗਾ। ਪ੍ਰਚਾਰ ਸਮਗਰੀ ਸਬੰਧਤ ਮੁਲਕਾ ਦੇ ਦੂਤਘਰਾਂ/ਹਾਈ ਕਮਿਸ਼ਨਾਂ ਨੂੰ ਪਹੁੰਚਾਈ ਜਾਵੇਗੀ। ਇਸ ਸਕੀਮ ਨੂੰ ਅੱਗੇ ਲਿਜਾਣ ਦਾ ਜ਼ਿੰਮਾ ਐਨ.ਆਰ.ਆਈ. ਮਾਮਲਿਆਂ ਦੇ ਸਕੱਤਰ ਨੂੰ ਸੌਂਪਿਆ ਗਿਆ ਹੈ।

ਸਰਕਾਰ ਦਾ ਇਕ ਹੋਰ ਪ੍ਰੋਗਰਾਮ 'ਪੰਜਾਬ ਦੇ ਮਿੱਤਰ-ਮੁੱਖ ਮੰਤਰੀ ਗਰਿਮਾ ਗ੍ਰਾਮ ਯੋਜਨਾ' ਰਾਹੀਂ ਪ੍ਰਵਾਸੀ ਪੰਜਾਬੀਆਂ ਨੂੰ ਅਪਣੀਆਂ ਜੜ੍ਹਾਂ ਨਾਲ ਜੋੜੇਗਾ ਜਿਨ੍ਹਾਂ ਨੇ ਵਿਦੇਸ਼ੀ ਧਰਤੀ ਨੂੰ ਅਪਣਾ ਘਰ ਬਣਾ ਲਿਆ। ਇਹ ਪ੍ਰੋਗਰਾਮ ਪ੍ਰਵਾਸੀ ਪੰਜਾਬੀਆਂ ਨੂੰ ਅਪਣੀਆਂ ਜੜ੍ਹਾਂ ਨਾਲ ਜੋੜੇਗਾ ਅਤੇ ਪੇਂਡੂ ਵਿਕਾਸ ਦੇ ਕੰਮਾਂ ਵਿਚ ਬਰਾਬਰ ਦੇ ਵਿੱਤੀ ਯੋਗਦਾਨ ਰਾਹੀਂ ਸਰਕਾਰ ਦੀ ਮਦਦ ਕਰਨ ਵਿਚ ਸਹਾਈ ਹੋਵੇਗਾ।