ਕਰਤਾਰਪੁਰ/ਜਲੰਧਰ, 6 ਮਾਰਚ (ਪਰਦੀਪ ਸਿੰਘ ਬਸਰਾ, ਸੁਦੇਸ਼): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਵਿਸ਼ਵ ਪਧਰੀ ਜੰਗ-ਏ-ਆਜ਼ਾਦੀ ਯਾਦਗਾਰ ਦੇ ਦੂਜੇ ਪੜਾਅ ਨੂੰ ਰਾਸ਼ਟਰ ਨੂੰ ਸਮਰਪਤ ਕਰਦਿਆਂ ਆਗਾਮੀ ਬਜਟ ਵਿਚ ਯਾਦਗਾਰ ਦੇ ਤੀਜੇ ਪੜਾਅ ਨੂੰ ਮੁਕੰਮਲ ਕਰਨ ਲਈ 25 ਕਰੋੜ ਰੁਪਏ ਦਾ ਉਪਬੰਧ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਯਾਦਗਾਰ ਦੇ ਪਹਿਲੇ ਪੜਾਅ ਦੇ ਨਿਰਮਾਣ ਲਈ ਬਕਾਇਆ 9.5 ਕਰੋੜ ਰੁਪਏ ਦੀ ਰਾਸ਼ੀ ਨੂੰ ਵੀ ਪ੍ਰਵਾਨਗੀ ਦੇ ਦਿਤੀ ਹੈ।ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ ਅਤੇ ਅੰਮ੍ਰਿਤਸਰ ਵਿਖੇ ਜੰਗੀ ਯਾਦਗਾਰ ਦੇ ਦੋ ਮਾਣਮੱਤੇ ਪ੍ਰਾਜੈਕਟ ਸੂਬੇ ਨੂੰ ਦੇਣ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦ੍ਰਿਸ਼ਟੀਕੋਣ ਦੀ ਵੀ ਪ੍ਰਸ਼ੰਸਾ ਕੀਤੀ। ਮੁੱਖ ਮੰਤਰੀ ਨੇ ਉੱਘੇ ਇਤਿਹਾਸਕਾਰ ਡਾ. ਕ੍ਰਿਪਾਲ ਸਿੰਘ ਤੋਂ ਇਲਾਵਾ ਡਾ. ਗਰੇਵਾਲ , ਡਾ. ਜਸਪਾਲ ਸਿੰਘ, ਪ੍ਰੋ. ਪ੍ਰਿਥੀਪਾਲ ਸਿੰਘ, ਡਾ. ਟੁਟੇਜਾ ਤੇ ਡਾ. ਹਰੀਸ਼ ਸ਼ਰਮਾ 'ਤੇ ਆਧਾਰਤ ਜੰਗ-ਏ-ਆਜ਼ਾਦੀ ਯਾਦਗਾਰ ਕਮੇਟੀ ਨੂੰ ਭਰੋਸਾ ਦਿਤਾ ਕਿ ਉਨ੍ਹਾਂ ਦੀ ਸਰਕਾਰ ਇਸ ਯਾਦਗਾਰ ਦੇ ਅਗਲੇ ਪੜਾਅ ਨੂੰ ਮੁਕੰਮਲ ਕਰਨ ਲਈ ਪੂਰੀ ਮਦਦ ਤੇ ਸਹਿਯੋਗ ਦੇਵੇਗੀ।ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਯਾਦਗਾਰੀ ਕਮੇਟੀ ਨੂੰ ਸਾਰੇ ਆਜ਼ਾਦੀ ਘੁਲਾਟੀਆਂ ਦੇ ਪਰਵਾਰਾਂ ਲਈ ਇਹ ਯਾਦਗਾਰ ਦੇਖਣ ਲਈ ਦਾਖ਼ਲਾ ਮੁਫ਼ਤ ਕਰਨ ਦੀ ਹਦਾਇਤ ਵੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਮੇਟੀ ਨੂੰ ਇਸ ਯਾਦਗਾਰ ਦੀ ਮਹੱਤਤਾ ਬਾਰੇ ਬੱਚਿਆਂ ਨੂੰ ਜਾਣੂ ਕਰਵਾਉਣ ਲਈ ਟੂਰ ਗਾਇਡ ਵੀ ਤਾਇਨਾਤ ਕਰਨ ਲਈ ਕਿਹਾ। ਕੁਝ ਸਾਲ ਪਹਿਲਾਂ ਦੇਸ਼ ਵਿਚ ਸੁਨਾਮੀ ਆਉਣ ਉਪਰੰਤ ਅੰਡੇਮਾਨ ਤੇ ਨਿਕੋਬਾਰ ਦੇ ਟਾਪੂਆਂ ਦੇ ਮੁੜ ਵਸੇਬੇ ਦੇ ਕਾਰਜਾਂ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਦਸਿਆ ਕਿ ਉਹ ਉੱਥੇ ਸ਼ਹੀਦਾਂ ਦੇ ਨਾਮ ਪੜ੍ਹ ਕੇ ਭਾਵੁਕ ਹੋ ਉੱਠੇ ਅਤੇ ਇਨ੍ਹਾਂ ਵਿਚ ਹਜ਼ਾਰਾਂÎ ਨਾਮ ਪੰਜਾਬੀਆਂ ਦੇ ਸਨ ਜਿਨ੍ਹਾਂ ਨੇ ਪੋਰਟ ਬਲੇਅਰ ਜੇਲ ਵਿਚ ਲਾਸਾਨੀ ਕੁਰਬਾਨੀਆਂ ਦਿਤੀਆਂ।