ਮੁੱਖ ਮੰਤਰੀ ਵਲੋਂ ਨੌਕਰੀ ਡਾਟ ਕਾਮ ਦੇ ਮਾਲਕ ਨਾਲ ਮੁਲਾਕਾਤ

ਖ਼ਬਰਾਂ, ਪੰਜਾਬ

ਸਾਂਝ ਸਥਾਪਤ ਕਰਨ ਦੀ ਸੰਭਾਵਨਾ 'ਤੇ ਵਿਚਾਰ-ਵਟਾਂਦਰਾ
ਮੁਹਾਲੀ, 8 ਮਾਰਚ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਸਰਕਾਰ ਵਲੋਂ ਜੌਬ ਪੋਰਟਲ ਨੌਕਰੀ ਡਾਟ ਕਾਮ ਨਾਲ ਸਾਂਝ ਕਾਇਮ ਕਰਨ ਦੀ ਸੰਭਾਵਨਾ ਤਲਾਸ਼ੀ ਜਾਵੇਗੀ ਤਾਂ ਜੋ ਰੁਜ਼ਗਾਰ ਦੇ ਮੌਕੇ ਹਾਸਲ ਕਰਨ ਲਈ ਸੂਬੇ ਦੇ ਨੌਜਵਾਨਾਂ ਨੂੰ ਢੁਕਵਾਂ ਮੰਚ ਮੁਹਈਆ ਕਰਵਾਇਆ ਜਾ ਸਕੇ।ਇਕ ਸਰਕਾਰੀ ਬੁਲਾਰੇ ਨੇ ਇਹ ਖ਼ੁਲਾਸਾ 'ਟਾਈਕੋਨ-2018' ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨੌਕਰੀ ਡਾਟ ਕਾਮ ਦੇ ਪ੍ਰਮੋਟਰ ਹਿਤੇਸ਼ ਓਬਰਾਏ ਨਾਲ ਹੋਈ ਮੀਟਿੰਗ ਤੋਂ ਬਾਅਦ ਕੀਤਾ।ਬੁਲਾਰੇ ਨੇ ਦਸਿਆ ਕਿ ਸੂਬਾ ਸਰਕਾਰ ਅਜਿਹੇ ਹੋਰ ਜੌਬ ਪੋਰਟਲਾਂ ਨਾਲ ਸਾਂਝ ਕਾਇਮ ਕਰਨ ਵਲ ਕੰਮ ਕਰ ਰਹੀ ਹੈ ਤਾਕਿ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਸਿਰਜ ਕੇ 'ਘਰ-ਘਰ ਨੌਕਰੀ' ਦੇ ਵਾਅਦੇ ਨੂੰ ਪੁਗਾਇਆ ਜਾ ਸਕੇ।