ਮੁੱਖ ਮੰਤਰੀ ਵਲੋਂ ਪਹਿਲੇ ਸਾਲ 'ਚ 150 ਵਾਅਦੇ ਪੂਰੇ ਕਰਨ ਦਾ ਦਾਅਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ, 1 ਮਾਰਚ (ਨੀਲ ਭਲਿੰਦਰ ਸਿੰਘ) : ਪੰਜਾਬ ਵਿਚ ਕਾਂਗਰਸ ਪਾਰਟੀ ਦੀ ਬਹੁਮਤ ਵਾਲੀ ਸਰਕਾਰ ਦੇ ਗਠਨ ਨੂੰ ਇਕ ਸਾਲ ਪੂਰਾ ਹੋਣ ਵਾਲਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਸਰਕਾਰ ਨੇ ਪਹਿਲੇ ਸਾਲ 'ਚ ਹੀ ਲਗਪਗ 150 ਵਾਅਦੇ ਪੁਗਾ ਦਿਤੇ ਗਏ ਹਨ ਜਦਕਿ ਬਾਕੀ ਵਾਅਦਿਆਂ ਨੂੰ ਵੀ ਅਮਲੀਜਾਮਾ ਪਹਿਨਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਇਸ ਦੇ ਨਾਲ ਹੀ ਅੱਜ ਬੁਢਾਪਾ ਪੈਨਸ਼ਨ ਵੰਡਣ ਲਈ ਹਰੇਕ ਮਹੀਨੇ 128 ਕਰੋੜ ਰੁਪਏ ਜਾਰੀ ਕਰਨ ਦੇ ਫ਼ੈਸਲੇ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਏਸੇ ਸਾਲ ਨੌਜਵਾਨਾਂ ਨੂੰ ਮੁਫ਼ਤ ਮੋਬਾਈਲ ਫ਼ੋਨ ਵੰਡਣ ਦੀ ਸ਼ੁਰੂਆਤ ਕਰਨ ਦਾ ਵੀ ਭਰੋਸਾ ਦਿਤਾ। ਮੁੱਖ ਮੰਤਰੀ ਇਥੇ ਬਜਟ ਬਾਰੇ ਅਗਾਊਂ ਵਿਚਾਰ-ਚਰਚਾ ਲਈ ਅਪਣੀ ਕਿਸਮ ਦੀ ਇਸ ਪਹਿਲੀ ਮੀਟਿੰਗ ਦੌਰਾਨ ਕਾਂਗਰਸ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਮੁਖ਼ਾਤਿਬ ਹੋਏ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਮੌਜੂਦਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਦੇ ਪਿਤਾ ਤੇ ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੰਡਾਲਾ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦੀ ਪਤਨੀ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਰਖਿਆ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ 17.5 ਲੱਖ ਕਿਸਾਨਾਂ ਵਿਚੋਂ 10.25 ਲੱਖ ਕਿਸਾਨਾਂ ਲਈ ਕਰਜ਼ੇ ਦਾ ਨਿਪਟਾਰਾ ਇਸ ਸਾਲ ਦੇ ਨਵੰਬਰ ਮਹੀਨੇ ਤਕ ਕਰ ਦਿਤਾ ਜਾਵੇਗਾ ਅਤੇ ਇਸੇ ਮਹੀਨੇ ਹੀ ਸੂਬਾ ਪੱਧਰੀ ਸਮਾਗਮ ਕਰ ਕੇ ਇਕ ਲੱਖ ਕਿਸਾਨਾਂ ਨੂੰ ਕਰਜ਼ਾ ਰਾਹਤ ਸਰਟੀਫ਼ਿਕੇਟ ਦਿਤੇ ਜਾਣਗੇ। ਉਨ੍ਹਾਂ ਇਹ ਵੀ ਦਸਿਆ ਕਿ 11 ਮਾਰਚ ਦੇ ਰੁਜ਼ਗਾਰ ਮੇਲੇ ਦੌਰਾਨ 40 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਬਜਟ ਬਾਰੇ ਅਗਾਊਂ ਵਿਚਾਰ-ਚਰਚਾ ਦਾ ਦੌਰ ਦਿਨ ਭਰ ਚਲਿਆ ਜਿਸ ਵਿਚ ਸੂਬੇ ਦੀ ਆਰਥਕ ਮੰਦਹਾਲੀ ਦੀ ਬਹਾਲੀ ਲਈ ਕਈ ਮਹੱਤਵਪੂਰਨ ਵਿਚਾਰ ਉੱਭਰ ਕੇ ਸਾਹਮਣੇ ਆਏ। ਇਹ ਆਰਥਿਕ ਸੰਕਟ ਮੌਜੂਦਾ ਸਰਕਾਰ ਨੂੰ ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਪਾਸੋਂ ਵਿਰਸੇ ਵਿਚ ਹਾਸਲ ਹੋਇਆ ਹੈ। ਚੰਡੀਗੜ੍ਹ ਵਿਚ ਬੇਅੰਤ ਸਿੰਘ ਯਾਦਗਾਰ ਨੂੰ ਮੁਕੰਮਲ ਕਰਨ ਲਈ ਪੰਜ ਕਰੋੜ ਦੀ ਰਾਸ਼ੀ ਨੂੰ ਪ੍ਰਵਾਨਗੀ ਦੇਣ ਬਾਰੇ ਕੀਤੀ ਅਪੀਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਯੂ.ਟੀ. ਵਿਚ ਸਥਿਤ ਹੋਣ ਕਰ ਕੇ ਉਹ ਇਸ ਮਾਮਲੇ ਨੂੰ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਕੋਲ ਉਠਾਉਣਗੇ।