ਅੰਮ੍ਰਿਤਸਰ,
15 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ) : 'ਮੁਤਵਾਜ਼ੀ ਜਥੇਦਾਰਾਂ' ਵਿਰੁਧ ਸ਼੍ਰੋਮਣੀ
ਅਕਾਲੀ ਦਲ ਇਸਤਰੀ ਵਿੰਗ ਦੀ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਅਹਿਮ ਬੈਠਕ ਭਾਈ ਗੁਰਦਾਸ ਹਾਲ ਵਿਖੇ ਹੋਈ
ਜਿਸ ਵਿਚ ਸ਼੍ਰੋਮਣੀ ਕਮੇਟੀ ਮੈਂਬਰ, ਇਸਤਰੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਅਤੇ
ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।
ਉਪਰੰਤ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ
ਗਿਆਨੀ ਗੁਰਬਚਨ ਸਿੰਘ ਨੂੰ ਯਾਦ ਪੱਤਰ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਦਿਤਾ ਗਿਆ। ਇਸ
ਤੋਂ ਪਹਿਲਾਂ ਬੀਬੀ ਜਗੀਰ ਕੌਰ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ
ਕਿ ਮੁਗ਼ਲਾਂ, ਅੰਗਰੇਜ਼ਾਂ ਦੀ ਪੈੜ ਤੇ ਕਾਂਗਰਸ ਅਤੇ ਸਿੱਖ ਵਿਰੋਧੀ ਸ਼ਕਤੀਆਂ ਸਿੱਖੀ
ਸਿਧਾਂਤ, ਮਰਿਆਦਾ ਅਤੇ ਅਕਾਲ ਤਖ਼ਤ ਦੇ ਬਰਾਬਰ ਅਖੌਤੀ ਜਥੇਦਾਰ ਮੀਟਿੰਗਾਂ ਕਰ ਕੇ ਸਿੱਖੀ
ਦਾ ਘਾਣ ਕਰ ਰਹੇ ਹਨ, ਜੋ ਸਿੱਖ ਪਰੰਪਰਾ ਦੇ ਉਲਟ ਹੈ ਤੇ ਇਨ੍ਹਾਂ ਦੀ ਰੋਕਥਾਮ ਲਈ ਅਕਾਲ
ਤਖ਼ਤ ਸਾਹਿਬ ਦੇ 'ਜਥੇਦਾਰ' ਸਖ਼ਤ ਕਾਰਵਾਈ ਕਰਨ।
ਬੀਬੀ ਜਗੀਰ ਕੌਰ ਨੇ ਕਾਂਗਰਸੀਆਂ ਤੇ ਪੰਥ
ਵਿਰੋਧੀ ਸ਼ਕਤੀਆਂ ਨੂੰ ਪੁਛਿਆ ਕਿ ਕੀ ਸੁਪਰੀਮ ਕੋਰਟ ਦੇ ਮੁੱਖ ਜੱਜ ਦੇ ਬਰਾਬਰ ਅਦਾਲਤ ਲੱਗ
ਸਕਦੀ ਹੈ? ਬੀਬੀ ਮੁਤਾਬਕ ਸਿੱਖ ਕੌਮ ਦੀਆਂ ਦੋ ਮਹਾਨ ਸੰਸਥਾਵਾਂ ਅਕਾਲ ਤਖ਼ਤ ਸਾਹਿਬ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਧਾਂਤਾਂ ਨੂੰ ਖੋਰਾ ਉਹ ਅਖੌਤੀ ਜਥੇਦਾਰਾਂ ਤੇ
ਹਮਾਇਤੀ ਲਾ ਰਹੇ ਹਨ ਜੋ ਚੋਣਾਂ ਦੌਰਾਨ ਸਿੱਖਾਂ ਅਤੇ ਪੰਜਾਬੀਆਂ ਵਲੋਂ ਨਕਾਰੇ ਗਏ ਹਨ।
ਸ਼੍ਰੋਮਣੀ
ਕਮੇਟੀ ਮੈਂਬਰਾਂ ਨੇ 'ਜਥੇਦਾਰ' ਨੂੰ ਅਪੀਲ ਕੀਤੀ ਕਿ ਅਖੌਤੀ ਜਥੇਦਾਰਾਂ ਵਲੋਂ ਇਤਿਹਾਸਕ
ਮੌਕਿਆਂ ਤੇ ਜਿਸ ਤਰੀਕੇ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਮਰਿਆਦਾ
ਭੰਗ ਕਰਨ ਵਾਲੀਆਂ ਅਤੇ ਭੜਕਾਹਟ ਪੈਦਾ ਕਰਨ ਵਾਲੀਆਂ ਘਿਨਾਉਣੀਆਂ ਹਰਕਤਾਂ ਕੀਤੀਆਂ ਜਾ
ਰਹੀਆ ਹਨ ਉਨ੍ਹਾਂ ਨੂੰ ਲੈ ਕੇ ਸਿੱਖ ਸੰਗਤਾਂ ਦੇ ਮਨਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਦੇ
ਹਿਰਦਿਆਂ ਨੂੰ ਗਹਿਰੀ ਠੋਸ ਪਹੁੰਚੀ ਹੈ।
ਇਸ ਨਾਲ ਗੁਰੂ ਘਰਾਂ ਵਿਚ ਸ਼ਰਧਾ ਨਾਲ ਪਹੁੰਚੀ
ਸੰਗਤ ਦੀ ਸ਼ਾਂਤੀ ਭੰਗ ਹੁੰਦੀ ਹੈ। ਲਗਾਤਾਰ ਹੋ ਰਹੀਆ ਹਿੰਸਕ ਕਾਰਵਾਈਆਂ ਨਾਲ ਦੁਨੀਆਂ ਭਰ
ਵਿਚ ਸਿੱਖਾਂ ਦੇ ਅਕਸ ਨੂੰ ਭਾਰੀ ਸੱਟ ਵੱਜੀ ਹੈ।
ਬੀਬੀ ਜਗੀਰ ਕੌਰ ਨੇ ਸੁਖਪਾਲ ਸਿੰਘ
ਖਹਿਰਾ, ਅਤੀਤ 'ਚ ਹੋਈਆਂ ਬੇਅਦਬੀਆਂ ਬਾਰੇ ਜਵਾਬ ਦੇਣ ਤੋਂ ਟਾਲਾ ਵੱਟਿਆ ਪਰ ਇਹ ਜ਼ਰੂਰ
ਕਿਹਾ ਕਿ ਉਹ 'ਮੁਤਵਾਜ਼ੀ ਜਥੇਦਾਰਾਂ' ਨੂੰ ਮੰਨਦੀ ਹੀ ਨਹੀਂ ਤਲਬ ਹੋਣਾ ਤਾਂ ਦੂਰ ਦੀ ਗੱਲ
ਹੈ। ਇਸ ਮੌਕੇ ਅਮਰਜੀਤ ਸਿੰਘ ਚਾਵਲਾ, ਮੰਗਵਿੰਦਰ ਸਿੰਘ ਖਾਪੜਖੇੜੀ, ਬਾਵਾ ਸਿੰਘ
ਗੁਮਾਨਪੁਰਾ, ਸੁਰਜੀਤ ਸਿੰਘ ਭਿੱਟੇਵੰਡ, ਅਮਰਜੀਤ ਸਿੰਘ ਬੰਡਾਲਾ, ਗੁਰਿੰਦਰਪਾਲ ਸਿੰਘ
ਗੋਰਾ, ਹਰਦੇਵ ਸਿੰਘ, ਰਜਿੰਦਰ ਸਿੰਘ ਮਹਿਤਾ ਆਦਿ ਹਾਜ਼ਰ ਸਨ।