ਪੰਜਾਬ ਦੀ ਅਤਿ ਸੁਰੱਖਿਆ ਵਾਲੀ ਜੇਲ੍ਹ ਮੰਨੀ ਜਾਣ ਵਾਲੀ ਨਾਭਾ ਜੇਲ੍ਹ ਨੂੰ ਕੁਝ ਖ਼ਤਰਨਾਕ ਗੈਂਗਸਟਰ ਤੋੜ ਕੇ ਫ਼ਰਾਰ ਹੋ ਗਏ ਸਨ। ਇਸ ਕਾਂਡ ਨੇ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਸਨ। ਭਾਵੇਂ ਕਿ ਪੁਲਿਸ ਨੇ ਇਸ ਕਾਂਡ ਨੂੰ ਅੰਜ਼ਾਮ ਦੇਣ ਵਾਲੇ ਕੁਝ ਦੋਸ਼ੀਆਂ ਨੂੰ ਪੁਲਿਸ ਨੇ ਕੁਝ ਦਿਨਾਂ ਬਾਅਦ ਕਾਬੂ ਕਰ ਲਿਆ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਦੋ ਮੁੱਖ ਦੋਸ਼ੀ ਹਾਲੇ ਵੀ ਪੁਲਿਸ ਦੀ ਪਕੜ ਵਿਚ ਨਹੀਂ ਆ ਸਕੇ ਹਨ।
ਨਾਭਾ ਦੀ ਇਹ ਅਤਿ ਸੁਰੱਖਿਆ ਵਾਲੀ ਜੇਲ੍ਹ ਪਿਛਲੇ ਸਾਲ 27 ਨਵੰਬਰ ਨੂੰ ਵਾਪਰੇ ਇਸ ਬ੍ਰੇਕ ਕਾਂਡ ਦੇ ਨਾਂ ਨਾਲ ਵਿਸ਼ਵ ਭਰ ਵਿਚ ਚਰਚਾ ਦਾ ਵਿਸ਼ਾ ਬਣ ਗਈ ਸੀ। ਦੱਸ ਦੇਈਏ ਕਿ ਪਿਛਲੇ ਸਾਲ 27 ਨਵੰਬਰ ਨੂੰ ਦਿਨ ਦਿਹਾੜੇ ਪੁਲਿਸ ਦੀ ਵਰਦੀ ‘ਚ ਆਏ ਹਮਲਾਵਰਾਂ ਨੇ ਫਾਇਰਿੰਗ ਕਰਕੇ ਜੇਲ੍ਹ ਵਿਚੋਂ ਗੈਂਗਸਟਰ ਵਿੱਕੀ ਗੌਂਡਰ, ਗੁਰਪ੍ਰੀਤ ਸੇਖੋਂ, ਕੁਲਪ੍ਰੀਤ , ਅਮਨਦੀਪ ਢੋਂਡੀਆ, ਹਰਮਿੰਦਰ ਸਿੰਘ ਮਿੰਟੂ (ਖਾਲਿਸਤਾਨ ਲਿਬਰੇਸ਼ਨ ਫੋਰਸ ਕਮਾਂਡੋ ਪ੍ਰਮੁੱਖ) ਅਤੇ ਅੱਤਵਾਦੀ ਕਸ਼ਮੀਰਾ ਸਿੰਘ ਨੂੰ ਜੇਲ੍ਹ ‘ਚੋਂ ਆਜ਼ਾਦ ਕਰਵਾ ਲਿਆ ਸੀ। ਇਸ ਕਾਂਡ ਨੇ ਗ੍ਰਹਿ ਵਿਭਾਗ, ਖੁਫ਼ੀਆ ਤੰਤਰ ਅਤੇ ਪੁਲਿਸ ਨੂੰ ਭਾਜੜਾਂ ਪਾ ਦਿੱਤੀਆਂ ਸਨ।
ਹੁਣ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਘਟਨਾ ਨੂੰ ਵਾਪਰਿਆਂ ਪੂਰਾ ਇੱਕ ਸਾਲ ਹੋ ਗਿਆ ਹੈ। ਇੰਨਾ ਸਮਾਂ ਬੀਤ ਜਾਣ ਦੇ ਬਾਅਦ ਵੀ ਪੁਲਿਸ ਹਾਲੇ ਤੱਕ ਮੁੱਖ ਦੋਸ਼ੀ ਗੈਂਗਸਟਰ ਵਿੱਕੀ ਗੌਂਡਰ ਅਤੇ ਅੱਤਵਾਦੀ ਕਸ਼ਮੀਰਾ ਸਿੰਘ ਪੁਲਿਸ ਦੇ ਹੱਥ ਨਹੀਂ ਆ ਸਕੇ ਹਨ। ਜਦੋਂ ਕਿ ਹਰਮਿੰਦਰ ਮਿੰਟੂ ਨੂੰ ਵਾਰਦਾਤ ਦੇ 24 ਘੰਟਿਆਂ ਅੰਦਰ ਹੀ ਦਿੱਲੀ ਪੁਲਿਸ ਨੇ ਕਾਬੂ ਕਰ ਲਿਆ ਸੀ।
ਇੰਝ ਹੀ ਜੇਲ੍ਹ ਬ੍ਰੇਕ ਕਾਂਡ ਦੇ ਮਾਸਟਰ ਮਾਈਂਡ ਪਲਵਿੰਦਰ ਸਿੰਘ ਪਿੰਦਾ ਨੂੰ ਵੀ ਯੂਪੀ ਪੁਲਿਸ ਨੇ ਕੁਝ ਸਮੇਂ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਸੀ ਜੋ ਸਥਾਨਕ ਸਿਵਲ ਹਸਪਤਾਲ ਕੰਪਲੈਕਸ ਵਿਚੋਂ ਪਿਛਲੇ ਸਾਲ 29 ਮਾਰਚ ਨੂੰ ਪੁਲਿਸ ਕਸਟੱਡੀ ‘ਚੋਂ ਹਥਕੜੀ ਸਮੇਤ ਫ਼ਰਾਰ ਹੋ ਗਿਆ ਸੀ।
ਪੁਲਿਸ ਨੇ ਪਿਛਲੇ ਇੱਕ ਸਾਲ ਦੌਰਾਨ ਜੇਲ੍ਹ ਬ੍ਰੇਕ ਕਾਂਡ ਦੀ ਸਾਜ਼ਿਸ਼ ਦੇ ਮਾਮਲੇ ਵਿਚ 28 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਸਹਾਇਕ ਸੁਪਰਡੈਂਟ ਭੀਮ ਸਿੰਘ, ਹੈਡਵਾਰਡਨ ਜਗਮੀਤ ਸਿੰਘ, ਹਲਵਾਈ ਤੇਜਿੰਦਰ ਸ਼ਰਮਾ, ਗੁਰਪ੍ਰੀਤ ਸੇਖੋਂ, ਨੀਟਾ ਦਿਓਲ, ਅਮਨਦੀਪ ਢੋਂਡੀਆ, ਹਰਮਿੰਦਰ ਮਿੰਟੂ, ਪਲਵਿੰਦਰ ਪਿੰਦਾ, ਚਰਨਪ੍ਰੀਤ ਚੰਨਾ, ਹਰਜੋਤ ਸਿੰਘ, ਗੁਰਪ੍ਰੀਤ ਮਾਂਗੇਵਾਲ, ਰਣਜੀਤ ਸਿੰਘ, ਬਿੱਕਰ ਸਿੰਘ, ਜਗਤਵੀਰ ਸਿੰਘ, ਨਰੇਸ਼ ਨਾਰੰਗ (ਹਨੂੰਮਾਨਗੜ੍ਹ), ਸੁਨੀਲ ਕਾਲੜਾ, ਮੁਹੰਮਦ ਆਸਿਮ (ਉਤਰਾਖੰਡ) ਮਨਵੀਰ ਸੇਖੋਂ, ਰਾਜਵਿੰਦਰ ਸਿੰਘ, ਕਿਰਨਪਾਲ ਸਿੰਘ (ਗੰਨ ਹਾਊਸ ਮੋਗਾ), ਕੁਲਵਿੰਦਰ ਸਿੰਘ, ਸੁਖਚੈਨ ਸਿੰਘ ਸ਼ਾਮਲ ਹਨ।
ਇਸ ਤੋਂ ਇਲਾਵਾ ਅਮਨ ਕੁਮਾਰ (ਕੁਰੂਕਸ਼ੇਤਰ), ਰਵਿੰਦਰ ਸਿੰਘ, ਵਰਿੰਦਰ (ਰਿੱਕੀ ਸਹੋਤਾ), ਸੁਲੱਖਣ ਸਿੰਘ, ਗੁਰਜੀਤ ਸਿੰਘ, ਜਤਿੰਦਰ ਉਰਫ ਟੋਨੀ ਲਖਮੀਪੁਰ (ਯੂ. ਪੀ.) ਦੇ ਨਾਂਅ ਵੀ ਸ਼ਾਮਲ ਹਨ ਜਦੋਂ ਕਿ ਹਰਜਿੰਦਰ (ਵਿੱਕੀ ਗੌਂਡਰ), ਕਸ਼ਮੀਰ ਸਿੰਘ ਗਲਵੱਢੀ, ਸੁਪਰੀਤ ਸਿੰਘ (ਬਟਾਲਾ), ਪ੍ਰੇਮ ਸਿੰਘ ਲਹੌਰੀਆ (ਜਲੰਧਰ), ਗੁਰਪ੍ਰੀਤ ਗੋਪੀਕੌੜ (ਤਰਨਤਾਰਨ), ਗੁਰਪ੍ਰੀਤ ਗੋਪੀ ਪੁੱਤਰ ਚਰਨਜੀਤ ਸਿੰਘ (ਮਜੀਠਾ), ਰਮਨਜੀਤ ਸਿੰਘ ਉਰਫ ਰੋਮੀ (ਹਾਂਗਕਾਂਗ) ਤੇ ਸੁਖਮੀਤਪਾਲ ਸਿੰਘ ਉਰਫ ਸੁੱਖ (ਜ਼ਿਲ੍ਹਾ ਗੁਰਦਾਸਪੁਰ) ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ। ਇਹ ਹਾਲੇ ਤੱਕ ਪੁਲਿਸ ਦੇ ਹੱਥ ਨਹੀਂ ਲੱਗ ਸਕੇ ਹਨ।
ਡੀਜੀਪੀ ਸੁਰੇਸ਼ ਅਰੋੜਾ ਵੱਲੋਂ ਕੀਤੀ ਜਾ ਰਹੀ ਜਾਂਚ ਵਿਚ ਅਹਿਮ ਜਾਣਕਾਰੀਆਂ ਹਾਸਲ ਹੋਈਆਂ ਹਨ। ਰਾਜ ਸਰਕਾਰ ਨੇ ਅਤਿ ਸੁਰੱਖਿਆ ਵਾਲੀ ਨਾਭਾ ਜੇਲ੍ਹ ਵਿਚ ਜੈਮਰ ਲਾਇਆ ਪਰ ਇਸ ਦੇ ਬਾਵਜੂਦ ਖ਼ਤਰਨਾਕ ਅਪਰਾਧੀ ਜੇਲ੍ਹ ਬ੍ਰੇਕ ਕਾਂਡ ਨੂੰ ਅੰਜ਼ਾਮ ਦੇਣ ਵਿਚ ਕਾਮਯਾਬ ਹੋ ਗਏ। ਹੁਣ ਬੀਤੇ ਦਿਨ ਫਗਵਾੜਾ ਵਿਚ ਵਿੱਕੀ ਗੌਂਡਰ ਦੇ ਨਜ਼ਰ ਆਉਣ ਦੀ ਖ਼ਬਰ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕੀਤੀ ਪਰ ਅਜੇ ਤੱਕ ਉਹ ਪੁਲਿਸ ਦੇ ਹੱਥ ਨਹੀਂ ਆ ਸਕਿਆ ਹੈ। ਕਹਿਣ ਤੋਂ ਭਾਵ ਕਿ ਅੱਜ ਪੂਰੇ ਇੱਕ ਸਾਲ ਬਾਅਦ ਵੀ ਪੁਲਿਸ ਦੇ ਹੱਥ ਖ਼ਾਲੀ ਹਨ।