ਅੰਮ੍ਰਿਤਸਰ, 13 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ 'ਚ ਨਗਰ ਨਿਗਮ ਦੀਆਂ ਚੋਣਾਂ ਦਸੰਬਰ ਵਿਚ ਕਰਵਾਈਆਂ ਜਾਣਗੀਆਂ। ਸ. ਸਿੱਧੂ ਨੇ ਅਪਣੇ ਅੰਦਾਜ਼ ਵਿਚ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਾਦਲਾਂ ਦੇ ਰਾਜ 'ਚ 10 ਸਾਲ ਚੋਰੀ, ਤਾਨਾਸ਼ਾਹੀ ਅਤੇ ਹੰਕਾਰ ਨੂੰ ਵੇਖਿਆ ਹੈ। ਉਨ੍ਹਾਂ ਦੀ ਨੀਅਤ ਤੇ ਸਾਡੀ ਨੀਤੀ ਵਿਚ ਫ਼ਰਕ ਹੈ। ਸਿੱਧੂ ਮੁਤਾਬਕ ਸਾਡੀ ਨੀਅਤ ਤੇ ਸਾਡੀਆਂ ਨੀਤੀਆਂ ਵੀ ਸਾਫ਼ ਹਨ। ਸਾਡਾ ਦ੍ਰਿਸ਼ਟੀਕੋਣ ਸਪੱਸ਼ਟ ਹੈ ਕਿ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਮੁਹਈਆ ਕਰਨਾ ਹੈ। ਸ. ਸਿੱਧੂ ਨੇ ਪੰਜਾਬ ਦੇ ਲੋਕਾਂ ਤੋਂ ਮੰਗ ਕੀਤੀ ਕਿ ਸਾਨੂੰ ਸਾਲ-ਡੇਢ ਸਾਲ ਦੇ ਦਿਉ ਤਾਂ ਜੋ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਜਨਤਕ ਨੀਤੀਆਂ ਨੂੰ ਅਮਲੀਜਾਮਾ ਪਹਿਨਾ ਸਕੇ ਜੋ ਆਵਾਮ ਲਈ ਘੜੀਆਂ ਜਾ ਰਹੀਆਂ ਹਨ। ਸ. ਸਿੱਧੂ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਸਰਕਾਰ ਬਣੀ ਨੂੰ ਕੇਵਲ 6 ਮਹੀਨੇ ਹੋਏ ਹਨ। ਇਸ ਦੌਰਾਨ ਇਕ ਮਹੀਨਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਲੜਨ 'ਚ ਲੱਗ ਗਿਆ ਅਤੇ ਸਾਡੇ ਕੋਲ ਕੇਵਲ 5 ਮਹੀਨੇ ਦਾ ਸਮਾਂ ਹੀ ਬਚਿਆ ਹੈ
ਜੋ ਵੀ ਕੀਤਾ ਹੈ ਤੁਹਾਡੇ ਸਾਹਮਣੇ ਹੈ। ਅਕਾਲੀਆਂ 'ਤੇ ਤਿੱਖੇ ਹਮਲੇ ਕਰਦਿਆਂ ਸ੍ਰ ਸਿੱਧੂ ਨੇ ਕਿਹਾ ਕਿ ਉਹ ਨੌਜਵਾਨਾਂ ਦਾ ਬੇੜਾ ਗਰਕ ਕਰਨ ਲਈ ਚਿੱਟਾ ਵੇਚਦੇ ਰਹੇ ਹਨ, ਲੋਕਾਂ ਨੂੰ ਉਨ੍ਹਾਂ ਕੁੱਟਿਆ ਤੇ ਲੁੱਟਿਆ ਹੈ ਅਤੇ ਅਪਣੇ ਘਰ ਦੌਲਤ ਨਾਲ ਮਾਲੋਮਾਲ ਕੀਤੇ ਹਨ। ਸ੍ਰ ਸਿੱਧੂ ਨੇ ਅਕਾਲੀ ਭਾਜਪਾ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ 13 ਲੱਖ ਦਾ ਟਿਊਬਵਲ 26 ਲੱਖ ਦਾ ਲਾਇਆ ਹੈ ਪਰ ਕਾਂਗਰਸ ਪਾਰਦਰਸ਼ ਹੈ। ਉਹ ਖ਼ੁਦ ਨਗਰ ਨਿਗਮਾਂ ਵਿਚ ਬੈਠਣਗੇ ਅਤੇ ਜੋ ਉਥੇ ਅਤੀਤ ਵਿਚ ਲੁੱਟ ਹੁੰਦੀ ਰਹੀ ਹੈ ਉਸ ਨੂੰ ਬੰਦ ਕਰਨਗੇ। ਆਮ ਆਦਮੀ ਪਾਰਟੀ ਬਾਰੇ ਸ. ਸਿੱਧੂ ਨੇ ਕਿਹਾ ਕਿ 'ਆਪ' ਨੂੰ ਗੁਰਦਾਸਪੁਰ ਦੀ ਜ਼ਿਮਨੀ ਚੋਣ ਨੇ ਸ਼ੀਸ਼ਾ ਵਿਖਾ ਦਿਤਾ ਹੈ। ਉਹ ਕਿੰਨੇ ਜੋਗੇ ਹਨ 'ਆਪ' ਨੂੰ ਪਤਾ ਲੱਗ ਗਿਆ ਹੈ। 'ਆਪ' ਦੇ ਆਗੂ ਹੁਣ ਬੋਲਣ ਜੋਗੇ ਨਹੀਂ ਰਹੇ। ਸ੍ਰ ਸਿੱਧੂ ਨੇ ਨਿਗਮ ਚੋਣਾਂ ਬਾਰੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਮੁੱਖ ਚੋਣ ਕਮਿਸ਼ਨਰ ਆਪਸ ਵਿਚ ਸਲਾਹ ਕਰ ਕੇ ਇਨ੍ਹਾਂ ਦਾ ਐਲਾਨ ਕਰਨਗੇ। ਲੁਧਿਆਣੇ ਬਾਰੇ ਉਨ੍ਹਾਂ ਕਿਹਾ ਕਿ ਉਹ ਚੋਣ ਦੇਰ ਨਾਲ ਕਰਵਾਈ ਜਾ ਸਕਦੀ ਹੈ। ਇਹ ਜ਼ਿਆਦਾ ਨਹੀਂ ਘੱਟੋ ਘੱਟ 15-20 ਦਿਨ ਦੀ ਦੇਰ ਹੋਵੇਗੀ।