'ਨੈਸ਼ਨਲ ਐਸਸੀਐਸਟੀ ਹੱਬ' ਯੋਜਨਾ ਨੂੰ ਸੂਬੇ ਵਿਚ ਸਹੀ ਮਾਅਨਿਆਂ 'ਚ ਲਾਗੂ ਕੀਤਾ ਜਾਵੇਗਾ : ਧਰਮਸੋਤ

ਖ਼ਬਰਾਂ, ਪੰਜਾਬ

ਲੁਧਿਆਣਾ, 8 ਜਨਵਰੀ (ਮਹੇਸ਼ਇੰਦਰ ਸਿੰਘ ਮਾਂਗਟ) : ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵਲੋਂ ਸੂਬੇ ਵਿਚ ਸ਼ਹਿਰ ਲੁਧਿਆਣਾ ਨੂੰ 'ਨੈਸ਼ਨਲ ਐਸ. ਸੀ. ਐਸ. ਟੀ. ਹੱਬ' ਵਜੋਂ ਵਿਕਸਤ ਕਰਨ ਦੇ ਉਪਰਾਲੇ ਨੂੰ ਪੰਜਾਬ ਸਰਕਾਰ ਵਲੋਂ ਪੂਰਨ ਸਹਿਯੋਗ ਦਿਤਾ ਜਾਵੇਗਾ। ਇਸ ਤੋਂ ਇਲਾਵਾ ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਦੇ ਲੋਕਾਂ ਨੂੰ ਉੱਦਮੀ ਬਣਾਉਣ ਲਈ ਬਣਨ ਵਾਲੀ ਹਰ ਯੋਜਨਾ ਨੂੰ ਪੰਜਾਬ ਵਿਚ ਸਹੀ ਮਾਅਨਿਆਂ ਵਿਚ ਲਾਗੂ ਕੀਤਾ ਜਾਵੇਗਾ। ਅੱਜ ਸਥਾਨਕ ਹੋਟਲ ਵਿਖੇ 'ਨੈਸ਼ਨਲ ਐਸ. ਸੀ. ਐਸ. ਟੀ. ਹੱਬ' ਬਾਰੇ ਜਾਗਰੂਕਤਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ. ਧਰਮਸੋਤ ਨੇ ਕਿਹਾ ਕਿ ਪੰਜਾਬ ਵਿਚ ਇਸ ਵੇਲੇ ਕੁੱਲ ਅਬਾਦੀ ਦਾ 35 ਫ਼ੀ ਸਦੀ ਹਿੱਸਾ ਅਨੁਸੂਚਿਤ ਜਾਤੀਆਂ ਨਾਲ ਸੰਬੰਧਤ ਹੈ, ਜਿਸ ਨੂੰ ਰੁਜ਼ਗਾਰ ਦੇ ਕਾਬਲ ਬਣਾਉਣ ਅਤੇ ਹੋਰਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਾਲਾ ਬਣਾਉਣ ਲਈ ਬਹੁਤ ਕੁੱਝ ਕੀਤਾ ਜਾਣਾ ਬਾਕੀ ਹੈ। ਉਨ੍ਹਾਂ ਭਾਰਤ ਸਰਕਾਰ ਵਲੋਂ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨ ਜਾਤੀ ਉੱਦਮੀਆਂ ਨੂੰ ਪੇਸ਼ੇਵਰ ਸਹਾਇਤਾ ਮੁਹਈਆ ਕਰਵਾ ਕੇ ਉਤਸ਼ਾਹਤ ਕਰਨ ਦੇ ਮਨਸ਼ੇ ਨਾਲ ਲੁਧਿਆਣਾ ਸਮੇਤ ਦੇਸ਼ ਦੇ ਕਈ ਸ਼ਹਿਰਾਂ ਨੂੰ ਨੈਸ਼ਨਲ ਐੱਸ. ਸੀ. ਐਸ. ਟੀ. ਹੱਬ ਵਜੋਂ ਵਿਕਸਤ ਕਰਨ ਦਾ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਯੋਜਨਾ ਨੂੰ ਸਹੀ ਮਾਅਨਿਆਂ ਵਿਚ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸੂਬੇ ਨੂੰ ਆਰਥਿਕ ਤੌਰ 'ਤੇ ਪੈਰਾਂ ਸਿਰ ਕਰਨ ਲਈ ਅਤੇ ਇਥੇ ਵੱਸਦੇ ਹਰੇਕ ਵਰਗ ਦੇ ਲੋਕਾਂ ਦੇ ਜੀਵਨ ਸੁਧਾਰ ਲਈ ਬਣਦਾ ਯੋਗਦਾਨ ਪਾਵੇ। ਉਨ੍ਹਾਂ ਕਿਹਾ ਕਿ ਕੇਂਦਰੀ ਖ਼ਰੀਦ ਯੋਜਨਾ-2012 ਤਹਿਤ ਇਹ ਜ਼ਰੂਰੀ ਹੈ ਕਿ ਕੇਂਦਰੀ, ਜਨਤਕ ਅਦਾਰੇ ਅਤੇ ਹੋਰ ਵਿਭਾਗ 20 ਫ਼ੀ ਸਦੀ ਖ਼ਰੀਦ ਸੂਖ਼ਮ, ਲਘੂ ਅਤੇ  ਦਰਮਿਆਨੇ ਉਦਯੋਗਾਂ ਤੋਂ ਕਰਨ।

ਇਸ 20 ਫ਼ੀ ਸਦੀ ਵਿਚੋਂ 4 ਫ਼ੀ ਸਦੀ ਖ਼ਰੀਦ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨ ਜਾਤੀ ਉੱਦਮੀਆਂ ਤੋਂ ਵੀ ਕਰਨੀ ਜ਼ਰੂਰੀ ਹੈ। ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਸੂਖ਼ਮ, ਲਘੂ ਅਤੇ ਦਰਮਿਆਨੇ ਉਦਯੋਗਾਂ ਬਾਰੇ ਕੇਂਦਰੀ ਮੰਤਰਾਲੇ ਦੇ ਡਾਇਰੈਕਟਰ ਸ੍ਰੀ ਪੀ. ਜੇ. ਐÎੱਸ. ਰਾਉ ਇਸ ਪੂਰੀ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਯੋਜਨਾ ਤਹਿਤ ਇਸ ਵਰਗ ਦੇ ਲੋਕਾਂ ਨੂੰ ਅਪਣੇ ਉਦਯੋਗ ਸਥਾਪਤ ਕਰ ਕੇ ਦੇਸ਼ ਅਤੇ ਸਮਾਜ ਦੇ ਵਿਕਾਸ ਵਿਚ ਯੋਗਦਾਨ ਪਾਉਣ ਵਿਚ ਸਹਾਇਤਾ ਮਿਲੇਗੀ। ਉਨ੍ਹਾਂ ਦਸਿਆ ਕਿ ਪਿਛਲੇ ਸਾਲ ਪੂਰੇ ਦੇਸ਼ ਨੇ ਡਾ. ਭੀਮ ਰਾਉ ਅੰਬੇਦਕਰ ਦਾ 125ਵਾਂ ਜਨਮ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ। ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਲੁਧਿਆਣਾ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਦੇਸ਼ ਦੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨ ਜਾਤੀ ਲੋਕਾਂ ਦਾ ਆਰਥਿਕ ਤੌਰ 'ਤੇ ਸਸ਼ਕਤੀਕਰਨ ਕਰਨ ਲਈ ਦੇਸ਼ ਦੇ ਕਈ ਸ਼ਹਿਰਾਂ ਨੂੰ ਐਸ. ਸੀ. ਐਸ. ਟੀ. ਹੱਬ ਵਜੋਂ ਵਿਕਸਤ ਕਰਨ ਦਾ ਐਲਾਨ ਕੀਤਾ ਸੀ, ਨਾਲ ਹੀ ਇਹ ਐਲਾਨ ਵੀ ਕੀਤਾ ਸੀ ਕਿ ਇਨ੍ਹਾਂ ਸ਼ਹਿਰਾਂ ਵਿਚ ਲੁਧਿਆਣਾ ਵੀ ਸ਼ਾਮਲ ਹੋਵੇਗਾ। ਇਸ ਐਲਾਨ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਦੇਸ਼ ਦੇ ਕਈ ਸ਼ਹਿਰਾਂ ਵਿੱਚ ਨੈਸ਼ਨਲ ਐੱਸ. ਸੀ. ਐੱਸ. ਟੀ. ਹੱਬ ਦੇ ਦਫ਼ਤਰ ਖੋਲ੍ਹੇ ਜਾ ਚੁਕੇ ਹਨ। ਲੁਧਿਆਣਾ ਵਿਖੇ ਵੀ ਸਥਾਨਕ ਮਿਲਰਗੰਜ ਸਥਿਤ ਕਰਨਾਟਕਾ ਬੈਂਕ ਦੀ ਇਮਾਰਤ ਵਿਚ ਇਹ ਦਫ਼ਤਰ ਸ਼ੁਰੂ ਹੋ ਚੁਕਾ ਹੈ।  ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਨੈਸ਼ਨਲ ਐਸ. ਸੀ. ਐੱਸ. ਟੀ. ਹੱਬ ਵਜੋਂ ਵਿਕਸਤ ਹੋਣ ਨਾਲ ਸ਼ਹਿਰ ਅਤੇ ਸੂਬੇ ਦੇ ਵਿਕਾਸ ਨੂੰ ਇਕ ਨਵੀਂ ਦਿਸ਼ਾ ਤਾਂ ਮਿਲੇਗੀ ਹੀ ਸਗੋਂ ਇਸ ਨਾਲ ਕੇਂਦਰੀ ਖ਼ਰੀਦ ਯੋਜਨਾ-2012 ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਵੀ ਲਾਭ ਮਿਲੇਗਾ।