ਨਾਰੀ ਸ਼ਕਤੀਕਰਨ ਦੀ ਅਨੋਖੀ ਮਿਸਾਲ ਪੇਸ਼ ਕਰ ਰਿਹੈ ਬਠਿੰਡਾ ਦਾ 'ਪਿੰਡ ਹਿੰਮਤਪੁਰਾ'

ਖ਼ਬਰਾਂ, ਪੰਜਾਬ

ਬਠਿੰਡਾ : ਇਸ ਗੱਲ ਵਿਚ ਕੋਈ ਦੋ ਰਾਵਾਂ ਨਹੀਂ ਹੈ ਕਿ ਔਰਤਾਂ ਹਰ ਖੇਤਰ ਵਿਚ ਮਰਦਾਂ ਨੂੰ ਬਰਾਬਰ ਦੀ ਟੱਕਰ ਦੇ ਰਹੀਆਂ ਹਨ। ਕੋਈ ਖੇਤਰ ਅਜਿਹਾ ਨਹੀਂ ਹੈ, ਜਿੱਥੇ ਔਰਤਾਂ ਨੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦਾ ਲੋਹਾ ਨਾ ਮੰਨਵਾਇਆ ਹੋਵੇ। ਔਰਤਾਂ ਨੂੰ ਜੱਗ ਜਣਨੀ ਦਾ ਵੀ ਦਰਜਾ ਪ੍ਰਾਪਤ ਹੈ। ਇਸ ਲਈ ਉਹ ਵੱਡੇ ਸਨਮਾਨ ਦੀਆਂ ਵੀ ਹੱਕਦਾਰ ਹਨ। ਜੇਕਰ ਇਹ ਕਹਿ ਲਿਆ ਜਾਵੇ ਕਿ ਔਰਤਾਂ ਦਾ ਸਨਮਾਨ ਕੀਤੇ ਬਿਨਾਂ ਕੋਈ ਕੌਮ ਤਰੱਕੀ ਨਹੀਂ ਕਰ ਸਕਦੀ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ।


ਬਠਿੰਡਾ ਜ਼ਿਲ੍ਹੇ ਦੇ ਪਿੰਡ ਹਿੰਮਤਪੁਰਾ ਦੀ ਪੰਚਾਇਤ ਨੇ ਔਰਤਾਂ ਦੇ ਸਨਮਾਨ ਲਈ ਆਪਣੇ ਪਿੰਡ ਵਿਚ ਨਵੀਂ ਸ਼ੁਰੂਆਤ ਕੀਤੀ ਹੈ। ਇਸ ਪਿੰਡ ਦੀ ਮਹਿਲਾ ਸਰਪੰਚ ਨੇ ਇਸ ਨਿਵੇਕਲੀ ਸ਼ੁਰੂਆਤ ਲਈ ਕੋਈ ਮਦਦ ਨਹੀਂ ਲਈ ਬਲਕਿ ਉਨ੍ਹਾਂ ਨੇ ਖ਼ੁਦ ਹੀ ਆਪਣੇ ਤੌਰ 'ਤੇ ਇਹ ਸ਼ਲਾਘਾਯੋਗ ਉਪਰਾਲਾ ਕਰਨ ਦਾ ਯਤਨ ਆਰੰਭਿਆ ਹੈ। ਔਰਤਾਂ ਦੇ ਆਤਮ ਸਨਮਾਨ ਨੂੰ ਕੋਈ ਠੇਸ ਨਾ ਪਹੁੰਚਾਏ, ਇਸ ਦੇ ਲਈ ਪਿੰਡ ਵਿਚ ਨਵੇਂ ਨਿਯਮ ਬਣਾਏ ਗਏ ਹਨ।


ਪਿੰਡ ਵਿਚ ਕਿਸੇ ਔਰਤ ਨੂੰ ਅਪਸ਼ਬਦ ਕਹਿਣ 'ਤੇ 500 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਵੈਸੇ ਵੀ ਕਾਨੂੰਨੀ ਤੌਰ 'ਤੇ ਕਿਸੇ ਔਰਤ ਨੂੰ ਅਪਸ਼ਬਦ ਕਹਿਣ 'ਤੇ ਧਾਰਾ 509 ਦੇ ਤਹਿਤ ਇੱਕ ਸਾਲ ਦੀ ਸਜ਼ਾ ਅਤੇ ਜੁਰਮਾਨੇ ਦੀ ਵਿਵਸਥਾ ਹੈ ਪਰ ਇਸ ਪਿੰਡ ਤੋਂ ਅਜੇ ਤੱਕ ਅਜਿਹਾ ਕੋਈ ਵੀ ਮਾਮਲਾ ਪੁਲਿਸ ਥਾਣੇ ਤੱਕ ਨਹੀਂ ਪਹੁੰਚਿਆ ਹੈ। ਪਿੰਡ ਦੇ ਲੋਕ ਅਜਿਹੇ ਮਾਮਲਿਆਂ ਨੂੰ ਆਪਸ ਵਿਚ ਮਿਲ ਬੈਠ ਕੇ ਨਜਿੱਠ ਲੈਂਦੇ ਹਨ।


ਹਿੰਮਤਪੁਰਾ ਦੀ ਪੰਚਾਇਤ ਵੱਲੋਂ ਕੀਤੀ ਗਈ ਇਹ ਸ਼ਲਾਘਾਯੋਗ ਸ਼ੁਰੂਆਤ ਹੁਣ ਹੋਰ ਪੰਚਾਇਤਾਂ ਲਈ ਵੀ ਪ੍ਰੇਰਣਾ ਸਰੋਤ ਬਣ ਰਹੀ ਹੈ। ਪਿੰਡ ਵਿਚ ਦਾਖ਼ਲ ਹੁੰਦਿਆਂ ਹੀ ਗਲ਼ੀਆਂ 'ਚੋਂ ਗੁਜ਼ਰਦੇ ਹੋਏ ਘਰਾਂ ਦੀਆਂ ਕੰਧਾਂ 'ਤੇ 'ਧੀਆਂ ਦਾ ਸਤਿਕਾਰ ਕਰੋ', 'ਬੇਟੀ ਬਚਾਓ-ਬੇਟੀ ਪੜ੍ਹਾਓ' ਵਰਗੇ ਸਲੋਗਨ ਲਿਖੇ ਹੋਏ ਦਿਖਾਈ ਦਿੰਦੇ ਹਨ। ਇਹੀ ਨਹੀਂ ਪਿੰਡ ਦੇ ਹਰ ਘਰ ਦੇ ਬਾਹਰ ਪਰਿਵਾਰ ਦੀ ਸਭ ਤੋਂ ਬਜ਼ੁਰਗ ਔਰਤ ਦੇ ਨਾਂਅ ਦੀ ਨੇਮ ਪਲੇਟ ਲੱਗੀ ਹੋਈ ਹੈ। ਪਿੰਡ ਦੀ ਪੰਚਾਇਤ ਵੱਲੋਂ ਔਰਤਾਂ ਦੇ ਸਨਮਾਨ ਲਈ ਕੀਤੇ ਜਾ ਰਹੇ ਇਸ ਉਪਰਾਲੇ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਹੋਰਨਾਂ ਪਿੰਡਾਂ ਦੇ ਲੋਕ ਵੀ ਇਸ ਤਰ੍ਹਾਂ ਦੀ ਸੋਚ ਨੂੰ ਅਪਣਾਉਣ ਲਈ ਯਤਨਸ਼ੀਲ ਨਜ਼ਰ ਆ ਰਹੇ ਹਨ।