ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਕੀਤੀ ਹਤਿਆ

ਖ਼ਬਰਾਂ, ਪੰਜਾਬ

ਵਲਟੋਹਾ, ਪੱਟੀ, ਭਿੱਖੀਵਿੰਡ, 24 ਸਤੰਬਰ (ਰਛਪਾਲ ਪੰਨੂੰ, ਅਜੀਤ ਘਰਿਆਲਾ, ਗੁਰਪ੍ਰਤਾਪ ਜੱਜ): ਨੇੜਲੇ ਪਿੰਡ ਠੱਠਾ ਵਿਖੇ ਸਨਿਚਰਵਾਰ ਦੀ ਦੇਰ ਰਾਤ ਡੇਢ ਸਾਲ ਪਹਿਲਾਂ ਪਿਤਾ ਦੇ ਹੋਏ ਕਤਲ ਦਾ ਬਦਲਾ ਉਸ ਦੇ ਪੁੱਤਰ ਵਲੋਂ ਅਪਣੇ ਸਾਥੀਆਂ ਨਾਲ ਮਿਲ ਕੇ ਹਤਿਆ ਦੇ ਦੋਸ਼ ਹੇਠ ਜੇਲ ਕੱਟ ਕੇ ਆਏ ਨੌਜਵਾਨ ਦਾ ਕਤਲ ਕਰ ਕੇ ਲੈ ਲਿਆ। ਘਟਨਾ ਦਾ ਪਤਾ ਚੱਲਦਿਆਂ ਐਤਵਾਰ ਨੂੰ ਸਵੇਰੇ ਪਹੁੰਚੀ ਪੁਲਿਸ ਵਲੋਂ ਲਾਸ਼ ਕਬਜ਼ੇ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿਤੀ ਹੈ।
ਫ਼ਰਵਰੀ 2016 ਵਿਚ ਪਿੰਡ ਠੱਠਾ ਨਿਵਾਸੀ ਹਰਬੰਸ ਸਿੰਘ ਨਾਮਕ ਵਿਅਕਤੀ ਦਾ ਕਤਲ ਹੋ ਗਿਆ ਸੀ ਜਿਸ ਦੇ ਦੋਸ਼ ਵਿਚ ਪੁਲਿਸ ਨੇ ਪਿੰਡ ਦੇ ਹੀ ਬੂਟਾ ਸਿੰਘ ਪੁੱਤਰ ਰਤਨ ਸਿੰਘ ਵਿਰੁਧ ਹਤਿਆ ਦਾ ਮਾਮਲਾ ਦਰਜ ਕਰ ਕੇ ਬੂਟਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਕੇਸ ਵਿਚ ਬੂਟਾ ਸਿੰਘ ਕੁੱਝ ਦਿਨ ਪਹਿਲਾਂ ਹੀ ਜੇਲ ਵਿਚੋਂ ਬਰੀ ਹੋ ਕੇ ਆ ਗਿਆ ਜਿਸ ਤੋਂ ਬਾਅਦ ਉਹ ਪਿੰਡ ਠੱਠਾ ਛੱਡ ਕੇ ਅਪਣੀ ਭੈਣ-ਭਣਵੱਈਏ ਕੋਲ ਪੱਟੀ ਵਿਖੇ ਰਹਿਣ ਲੱਗ ਗਿਆ।
ਸਨਿਚਰਵਾਰ ਨੂੰ ਬੂਟਾ ਸਿੰਘ ਕਿਸੇ ਕੰਮ ਲਈ ਅਪਣੇ ਪਿੰਡ ਠੱਠਾ ਵਿਖੇ ਆਇਆ ਹੋਇਆ ਸੀ ਇਸ ਗੱਲ ਦਾ ਪਤਾ ਜਦੋਂ ਹਰਬੰਸ ਸਿੰਘ ਦੇ ਲੜਕੇ ਗੁਰਮੀਤ ਸਿੰਘ ਮੀਤਾ ਨੂੰ ਲੱਗਾ ਤਾਂ ਉਸ ਨੇ ਅਪਣੇ ਸਾਥੀਆਂ ਵਿੱਕੀ, ਜੱਸਾ ਸਿੰਘ, ਬਲਦੇਵ ਸਿੰਘ, ਸੋਨੂੰ ਨਾਲ ਮਿਲ ਕੇ ਬੂਟਾ ਸਿੰਘ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿਤਾ ਅਤੇ ਸਿਰ ਵਿਚ ਦਾਤਰ ਮਾਰ ਕੇ ਬੂਟਾ ਸਿੰਘ ਦਾ ਕਤਲ ਕਰ ਦਿਤਾ ਗਿਆ।
ਮ੍ਰਿਤਕ ਬੂਟਾ ਸਿੰਘ ਦੇ ਭਣਵੱਈਏ ਬਾਜ ਸਿੰਘ ਪੁੱਤਰ ਜਗੀਰ ਸਿੰਘ ਨਿਵਾਸੀ ਪੱਟੀ ਨੇ ਦਸਿਆ ਕਿ ਉਹ ਬੂਟਾ ਸਿੰਘ ਕੋਈ ਜ਼ਰੂਰੀ ਸਮਾਨ ਲੈਣ ਲਈ ਪਿੰਡ ਠੱਠਾ ਵਿਖੇ ਆਇਆ ਸੀ ਪਰ ਉਕਤ ਲੋਕਾਂ ਨੇ ਪੁਰਾਣੀ ਰੰਜਿਸ਼ ਰੱਖਦਿਆਂ ਨਿਹੱਥੇ ਬੂਟਾ ਸਿੰਘ ਦਾ ਕਤਲ ਕਰ ਦਿਤਾ। ਘਟਨਾ ਦਾ ਪਤਾ ਚੱਲਦਿਆਂ ਸਬ ਡਵੀਜ਼ਨ ਭਿੱਖੀਵਿੰਡ ਦੇ ਡੀਐਸਪੀ ਸੁਲੱਖਣ ਸਿੰਘ ਮਾਨ, ਥਾਣਾ ਭਿੱਖੀਵਿੰਡ ਦੇ ਮੁਖੀ ਬਲਵਿੰਦਰ ਸਿੰਘ, ਚੌਂਕੀ ਕੱਚਾ ਪੱਕਾ ਦੇ ਇੰਚਾਰਜ ਪ੍ਰਭਜੀਤ ਸਿੰਘ, ਏਐਸਆਈ ਗੁਰਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ।
ਡੀਐਸਪੀ ਮਾਨ ਨੇ ਦਸਿਆ ਕਿ ਮ੍ਰਿਤਕ ਦੇ ਜੀਜਾ ਬਾਜ ਸਿੰਘ ਦੇ ਬਿਆਨਾਂ 'ਤੇ ਉਕਤ ਵਿਅਕਤੀਆਂ ਵਿਰੁਧ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।