ਅੰਮ੍ਰਿਤਸਰ, 30 ਜਨਵਰੀ (ਸੁਖਦੇਵ ਸਿੰਘ) : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਘਰ ਨਗਰ ਨਿਗਮ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਅੱਜ ਸਵੇਰੇ ਪੁੱਜੇ ਤਾਂ ਦੋਹਾਂ ਦੀ ਆਪਸ ਵਿਚ ਸੁਲ੍ਹਾ ਹੋ ਗਈ ਅਤੇ ਉਕਤ ਦੋਵੇ ਆਗੂ ਇਕੋ ਕਾਰ ਵਿਚ ਬੈਠ ਕੇ ਕਾਰਪੋਰੇਸ਼ਨ ਦਫ਼ਤਰ ਪੁੱਜੇ। ਇਥੇ ਨਵਜੋਤ ਸਿੰਘ ਸਿੱਧੂ ਨੇ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਖ਼ੁਦ ਕੁਰਸੀ 'ਤੇ ਬਿਠਾਇਆ ਅਤੇ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਗੁਰੂ ਨਗਰੀ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਨਿਗਮ ਕਂੌਸਲਰਾਂ, ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਨਗਰ ਨਿਗਮ ਦਾ ਸਮੁੱਚਾ ਸਟਾਫ਼ ਤੇ ਅਧਿਕਾਰੀ ਇਕ ਪਰਵਾਰ ਦੇ ਮੈਂਬਰ ਹਨ ਅਤੇ ਉਹ ਸਮੁੱਚੇ ਰੂਪ ਵਿਚ ਸ਼ਹਿਰ ਦਾ ਵਿਕਾਸ ਕਰਨਗੇ। ਸ੍ਰ ਸਿੱਧੂ ਨੇ ਇਸ ਮੌਕੇ ਸਫ਼ਾਈ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਅਹਿਮ ਕੰਮ 'ਤੇ 9 ਕਰੋੜ ਰੁਪਏ ਖ਼ਰਚੇ ਜਾਣਗੇ ਅਤੇ ਖ਼ੁਦ ਉਹ ਅੱਜ ਇਸ ਮੁਹਿੰਮ ਦਾ ਆਗ਼ਾਜ਼ ਕਰਨਗੇ। ਸ੍ਰ ਸਿੱਧੂ ਨੇ ਅਪਣਾ ਦ੍ਰਿਸ਼ਟੀਕੋਣ ਸਪੱਸ਼ਟ ਕਰਦਿਆਂ ਕਿਹਾ ਕਿ ਸਫ਼ਾਈ ਦਾ ਕਾਰਜ ਰੋਜ਼ਾਨਾ ਚੈਕ ਹੋਵੇਗਾ ਤੇ ਫ਼ੰਡਾਂ ਦੀ ਕੋਈ ਵੀ ਮੁਸ਼ਕਲ ਨਹੀਂ ਆਉਣ ਦਿਤੀ ਜਾਵੇਗੀ।
ਸ੍ਰ ਸਿੱਧੂ ਨੇ ਕਿਹਾ ਕਿ ਸ਼ਹਿਰ ਦਾ ਵਿਕਾਸ ਸੱਭ ਤੋਂ ਉਪਰਲੇ ਏਜੰਡੇ 'ਤੇ ਹੈ ਅਤੇ ਉਹ ਨਿਜੀ ਤੌਰ 'ਤੇ ਸਮੇਂ ਸਮੇਂ 'ਤੇ ਸਫ਼ਾਈ ਦਾ ਕੰਮ ਖ਼ੁਦ ਚੈਕ ਕਰਿਆ ਕਰਨਗੇ। ਹਰ ਵਾਰਡ ਤੇ ਕੌਂਸਲਰ ਨਾਲ ਪੰਜ ਪੰਜ ਅਧਿਕਾਰੀ ਲਾਏ ਜਾਣਗੇ। ਅਧਿਕਾਰੀਆਂ ਦੇ ਨੰਬਰ ਜਨਤਕ ਹੋਣਗੇ, ਜੇਕਰ ਕਿਸੇ ਅਫ਼ਸਰ ਤੇ ਮੁਲਾਜ਼ਮ ਨੇ ਕੁਤਾਹੀ ਕੀਤੀ ਤਾਂ ਉਸ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਸਵਾ ਕਰੋੜ 345 ਮੁਲਾਜ਼ਮਾਂ ਲਈ ਦਿਤਾ, 20 ਲੱਖ ਦਸ ਸੈਕਸ਼ਨ ਮਸ਼ੀਨਾਂ ਲਈ, 125 ਹੱਥ ਰਿਕਸ਼ਾ, 10 ਲੱਖ ਵਰਦੀਆਂ, ਸੇਫ਼ਟੀ ਮਾਸਕ ਅਤੇ ਗਲੋਵ ਲਈ ਦਿਤੇ ਅਤੇ 7 ਕਰੋੜ ਦੀ ਰਾਸ਼ੀ ਹੋਰ ਕਾਰਜਾਂ ਵਾਸਤੇ ਜਾਰੀ ਕੀਤੀ। ਇਸ ਮੌਕੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਉਹ ਨਵਜੋਤ ਸਿੰਘ ਸਿੱਧੂ ਤੇ ਹੋਰ ਅਧਿਕਾਰੀਆਂ, ਮੁਲਾਜ਼ਮਾਂ, ਕੌਸਲਰਾਂ ਨਾਲ ਰਲ ਕੇ ਕੰਮ ਕਰਨਗੇ।