ਚੰਡੀਗੜ੍ਹ,
25 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਸਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ
ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਅਧਰੰਗ ਦੀ ਬੀਮਾਰੀ ਨਾਲ ਜੂਝ ਰਹੇ ਪ੍ਰਸਿੱਧ
ਢਾਡੀ ਲੋਕ ਗਾਇਕ ਈਦੂ ਸ਼ਰੀਫ਼ ਦੇ ਘਰ ਜਾ ਕੇ ਅਪਣੇ ਕੋਲੋਂ ਦੋ ਲੱਖ ਰੁਪਏ ਦੀ ਵਿੱਤੀ
ਸਹਾਇਤਾ ਭੇਟ ਕੀਤੀ। ਅੱਜ ਇਥੇ ਮਨੀਮਾਜਰਾ ਸਥਿਤ ਈਦੂ ਸ਼ਰੀਫ਼ ਦੇ ਘਰ ਇਹ ਵਿੱਤੀ ਸਹਾਇਤਾ
ਭੇਟ ਕਰਨ ਮੌਕੇ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ.ਸੁਰਜੀਤ ਪਾਤਰ, ਸਕੱਤਰ ਜਨਰਲ ਸ. ਲਖਵਿੰਦਰ
ਸਿੰਘ ਜੌਹਲ ਤੇ ਡਾ.ਨਿਰਮਲ ਜੌੜਾ ਵੀ ਉਨ੍ਹਾਂ ਦੇ ਨਾਲ ਸਨ।
ਸ. ਸਿੱਧੂ ਨੂੰ ਬੀਤੇ ਦਿਨੀਂ ਫ਼ਰੀਦਕੋਟ ਵਿਖੇ ਬਾਬਾ ਫ਼ਰੀਦ ਮੇਲੇ ਦੌਰਾਨ ਇਮਾਨਦਾਰੀ ਐਵਾਰਡ ਨਾਲ ਸਨਮਾਨ ਵਿਚ ਇਕ ਲੱਖ ਰੁਪਏ ਦੀ ਇਨਾਮ ਰਾਸ਼ੀ ਵੀ ਮਿਲੀ ਜਿਥੇ ਉਨ੍ਹਾਂ ਐਲਾਨ ਕੀਤਾ ਸੀ ਕਿ ਇਸ ਇਨਾਮ ਰਾਸ਼ੀ ਵਿੱਚ ਆਪਣੇ ਕੋਲੋਂ ਇਕ ਲੱਖ ਰੁਪਏ ਹੋਰ ਪਾ ਕੇ ਕੁੱਲ 2 ਲੱਖ ਰੁਪਏ ਗੁਰਬਤ ਤੇ ਬੀਮਾਰੀ ਨਾਲ ਜੂਝ ਰਹੇ ਸ਼੍ਰੋਮਣੀ ਢਾਡੀ ਲੋਕ ਗਾਇਕ ਈਦੂ ਸ਼ਰੀਫ ਦੀ ਮਦਦ ਕੀਤੀ ਜਾਵੇਗੀ। ਸ. ਸਿੱਧੂ ਨੇ ਆਪਣੇ ਐਲਾਨ ਤੋਂ ਦੋ ਦਿਨ ਬਾਅਦ ਹੀ ਅੱਜ ਕਲਾ ਪ੍ਰੀਸ਼ਦ ਦੇ ਅਹੁਦੇਦਾਰਾਂ ਨਾਲ ਈਦੂ ਸ਼ਰੀਫ਼ ਦੇ ਘਰ ਜਾ ਕੇ ਜਿਥੇ 2 ਲੱਖ ਰੁਪਏ ਦੀ ਰਾਸ਼ੀ ਵਿੱਤੀ ਸਹਾਇਤਾ ਵਜੋਂ ਭੇਂਟ ਕੀਤੀ ਉਥੇ ਪਰਵਾਰ ਨੂੰ ਹੋਰ ਵੀ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿਤਾ। ਸ. ਸਿੱਧੂ ਨੇ ਪਰਵਾਰ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਗੱਲ ਕਰਨਗੇ ਅਤੇ ਸਰਕਾਰ ਵਲੋਂ ਹਰ ਸੰਭਵ ਮੱਦਦ ਕੀਤੀ ਜਾਵੇਗੀ।
ਇਸ ਮੌਕੇ ਕਲਾ ਪ੍ਰੀਸ਼ਦ ਦੇ
ਚੇਅਰਮੈਨ ਡਾ.ਸੁਰਜੀਤ ਪਾਤਰ ਨੇ ਕਿਹਾ ਕਿ ਉਹ ਕੈਬਨਿਟ ਮੰਤਰੀ ਸ. ਸਿੱਧੂ ਦੇ ਸ਼ੁਕਰਗੁਜ਼ਾਰ
ਹੈ ਜਿਨ੍ਹਾਂ ਨੇ ਬਿਨਾਂ ਕਿਸੇ ਦੇਰੀ ਦੇ ਅਪਣੇ ਕੋਲੋਂ ਪੰਜਾਬ ਦੇ ਮਹਾਨ ਢਾਡੀ ਲੋਕ ਗਾਇਕ
ਦੀ ਵਿੱਤੀ ਮਦਦ ਕੀਤੀ ਹੈ।