ਅਮਰੀਕਾ ਦੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੀ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਅਮਰੀਕਾ ਦੌਰੇ ’ਤੇ ਵਿਰੋਧ ਕੀਤਾ ਜਾਵੇਗਾ ਅਤੇ ਉਸ ਨੂੰ ਸਟੇਜਾਂ ਤੋਂ ਬੋਲਣ ਤੋਂ ਰੋਕਿਆ ਜਾਵੇਗਾ। ਇਸਦਾ ਕਾਰਨ ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਦਾ ਵੋਟਾਂ ਲਈ ਡੇਰਾ ਸਿਰਸਾ ਜਾਣਾ ਦੱਸਿਆ ਗਿਆ ਹੈ।
ਦੱਸਣਯੋਗ ਹੈ ਲੌਂਗੋਵਾਲ ਨੂੰ ਅਕਾਲ ਤਖ਼ਤ ਸਾਹਿਬ ਤੋਂ ਤਨਖਾਹ ਵੀ ਲਾਈ ਗਈ ਸੀ। ਕਮੇਟੀ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਮੰਦਭਾਗੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਨਰਲ ਇਜਲਾਸ ਦੌਰਾਨ ਲੌਂਗੋਵਾਲ ਦਾ ਨਾਂ ਪੇਸ਼ ਕਰਨ ਲਈ ਬੀਬੀ ਜਗੀਰ ਕੌਰ ਨੂੰ ਜ਼ਿੰਮੇਵਾਰੀ ਸੌਂਪੀ ਸੀ। ਬੀਬੀ ਜਗੀਰ ਕੌਰ ਨੂੰ ਆਪਣੀ ਸਕੀ ਧੀ ਦੇ ਕਤਲ ਦੇ ਮਾਮਲੇ ਵਿੱਚ ਅਦਾਲਤ ਵਲੋਂ ਸਜ਼ਾ ਸੁਣਾਈ ਜਾ ਚੁੱਕੀ ਹੈ। ਕਮੇਟੀ ਨੇ ਅਜਿਹੇ ਵਿਵਾਦਤ ਲੋਕਾਂ ਕੋਲੋਂ ਨਾਂਅ ਤਜਵੀਜ਼ ਕਰਾਉਣਾ ਸਿੱਖ ਕੌਮ ਲਈ ਸ਼ਰਮ ਦੀ ਗੱਲ ਆਖੀ ਹੈ।
ਕਮੇਟੀ ਆਗੂਆਂ ਨੇ ਦੋਸ਼ ਲਾਇਆ ਕਿ ਹਿੰਦੂ ਵਾਦੀ ਜਮਾਤ ਆਰ.ਐਸ.ਐਸ. ਦੇ ਇਸ਼ਾਰੇ ’ਤੇ ਸਿੱਖ ਕੌਮ ਵਿੱਚ ਫੁੱਟ ਪਾਈ ਜਾ ਰਹੀ ਹੈ ਅਤੇ ਨਵੇਂ ਐਸ.ਜੀ.ਪੀ.ਸੀ. ਪ੍ਰਧਾਨ ਦੀ ਨਿਯੁਕਤੀ ਵੀ ਇਸੇ ਦਾ ਹਿੱਸਾ ਹੈ।
ਇਸ ਮਾਮਲੇ 'ਤੇ ਕਈ ਪੱਖ ਵਿਚਾਰਨਯੋਗ ਹਨ। ਇਹਨਾਂ ਗੱਲਾਂ 'ਤੇ ਵਿਚਾਰ ਕਰਨ ਤੋਂ ਬਾਅਦ ਜੋ ਤਸਵੀਰ ਸਾਹਮਣੇ ਆਉਂਦੀ ਹੈ ਉਹ ਮੌਜੂਦਾ ਐਸ.ਜੀ.ਪੀ.ਸੀ. ਪ੍ਰਧਾਨ, ਅਕਾਲੀ ਦਲ ਬਾਦਲ ਅਤੇ ਸਿੱਖ ਕੌਮ ਲਈ ਵੱਡੇ ਸਵਾਲ ਖੜ੍ਹੇ ਕਰਦੀ ਹੈ।
ਸਭ ਤੋਂ ਪਹਿਲਾ ਤਾਂ ਵਿਰੋਧ ਜਗੀਰ ਕੌਰ ਦੇ ਨਾਂਅ 'ਤੇ ਹੋਣਾ ਸੁਭਾਵਿਕ ਹੀ ਹੈ। ਬਾਬਾ ਨਾਨਕ ਨੇ ਸਭ ਤੋਂ ਪਹਿਲਾਂ ਔਰਤ ਦੇ ਹੱਕ ਦੀ ਆਵਾਜ਼ ਚੁੱਕੀ ਸੀ ਅਤੇ ਜਗੀਰ ਕੌਰ ਆਪਣੀ ਹੀ ਧੀ ਦੇ ਕਤਲ ਦੀ ਦੋਸ਼ੀ ਹੈ ਅਤੇ ਜੇਲ੍ਹ ਵੀ ਜਾ ਚੁੱਕੀ ਹੈ। ਅਜਿਹੇ ਵਿਵਾਦਿਤ ਲੋਕਾਂ ਦਾ ਸਾਥ ਨਾ ਤਾਂ ਲੈਣ ਵਾਲੇ ਲਈ ਹਿਤਕਾਰੀ ਹੈ ਅਤੇ ਨਾ ਹੀ ਅਜਿਹੇ ਲੋਕੀ ਪੰਥ ਵਿੱਚ ਆਗੂਆਂ ਵਜੋਂ ਅੱਗੇ ਆਉਣ ਦੇ ਯੋਗ ਹਨ।
ਹੁਣ ਗੱਲ ਕਰਦੇ ਹਾਂ ਲੌਂਗੋਵਾਲ ਦੀ। ਲੌਂਗੋਵਾਲ ਨੇ ਇਲਜ਼ਾਮ ਲੱਗਦੀਆਂ ਹੀ ਇਹ ਬਿਆਨ ਦਾਗ ਦਿੱਤਾ ਕਿ ਉਹ ਕਦੀ ਡੇਰਾ ਸਿਰਸਾ ਗਏ ਹੀ ਨਹੀਂ। ਉਸੇ ਸਮੇਂ ਮੀਟਿੰਗ ਦੌਰਾਨ ਉਹਨਾਂ ਦੇ ਕੋਲ ਬੈਠੇ ਪ੍ਰੇਮ ਸਿੰਘ ਚੰਦੂਮਾਜਰਾ ਕਹਿ ਰਹੇ ਹਨ ਕਿ ਲੌਂਗੋਵਾਲ ਨੂੰ ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਦੁਆਰਾ ਸਜ਼ਾ ਲਗਾਉਣ ਤੋਂ ਬਾਅਦ ਫਾਰਗ ਕਰ ਦਿੱਤਾ ਗਿਆ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਹ ਕਹਿ ਕੇ ਪੱਲਾ ਝਾੜਿਆ ਸੀ ਕਿ ਲੌਂਗੋਵਾਲ ਗ਼ਲਤੀ ਮੰਨ ਕੇ ਸਜ਼ਾ ਲਗਵਾ ਚੁੱਕਿਆ ਹੈ।
ਸੋਚੋ
ਜੇਕਰ ਲੌਂਗੋਵਾਲ ਡੇਰਾ ਸਿਰਸਾ ਗਏ ਹੀ ਨਹੀਂ ਤਾਂ ਫਿਰ ਗਿਆਨੀ ਗੁਰਬਚਨ ਸਿੰਘ ਨੇ ਕਿਹੜੀ ਮਾਫੀ ਦੀ ਗੱਲ ਕੀਤੀ ?
ਲੌਂਗੋਵਾਲ ਅਤੇ ਚੰਦੂਮਾਜਰਾ ਇਕੱਠੇ ਬੈਠੇ ਹੀ ਅਲੱਗ ਅਲੱਗ ਵਿਚਾਰ ਦੇ ਰਹੇ ਹਨ। ਕੀ ਇਹ ਹਨ ਸਾਡੇ ਜ਼ਿੰਮੇਵਾਰ ਨੁਮਾਇੰਦੇ ?
ਦੋਨੋ ਮਾਮਲਿਆਂ ਵਿੱਚ ਕੌਮ ਵੱਲੋਂ ਦਲੀਲ ਅਧਾਰਿਤ ਵਿਰੋਧ ਕਰਨ ਦੇ ਬਾਵਜੂਦ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੌਮ ਪ੍ਰਤੀ ਕੀ ਇਮਾਨਦਾਰੀ ਦਿਖਾਈ ?
ਕੀ ਸੁਖਬੀਰ ਬਾਦਲ ਨੂੰ ਪੰਥ ਦੀ ਆਵਾਜ਼ ਨੂੰ ਹੁਕਮ ਮੰਨ ਇਸ ਮਾਮਲੇ ਨੂੰ ਪਾਰਦਰਸ਼ੀ ਤਰੀਕੇ ਨਾਲ ਹੱਲ ਨਹੀਂ ਕਰਨਾ ਚਾਹੀਦਾ ਸੀ ?
ਇੱਕ ਸਵਾਲ ਕੌਮ ਲਈ ਵੀ ਹੈ ਕਿ ਸਾਡੀ ਕੌਮ ਪੰਥਿਕ ਸਿਧਾਂਤਾਂ ਦਾ ਘਾਣ ਹੁੰਦਾ ਵੇਖ ਕਦੋਂ ਤੱਕ ਚੁੱਪੀ ਵੱਟਦੀ ਰਹੇਗੀ ?