ਮੁਕੇਰੀਆਂ, 8 ਨਵੰਬਰ (ਹਰਦੀਪ ਸਿੰਘ ਭੰਮਰਾ): ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੰਸਦ ਮੈਂਬਰ ਸੁਨੀਲ ਜਾਖੜ ਨੇ ਕਿਹਾ ਕਿ 'ਨੋਟਬੰਦੀ' ਮੋਦੀ ਸਰਕਾਰ ਦਾ ਬਿਨਾਂ ਸੋਚੇ ਸਮਝੇ ਲਿਆ ਫ਼ੈਸਲਾ ਸੀ ਜਿਸ ਨੇ ਦੇਸ਼ ਦੀ ਆਰਥਕਤਾ ਨੂੰ ਹੀ ਬਰੇਕ ਨਹੀਂ ਲਾਈ, ਸਗੋਂ ਦੇਸ਼ ਦੀ ਆਰਥਕਤਾ ਨੂੰ ਤਬਾਹ ਕਰ ਕੇ ਰੱਖ ਦਿਤਾ ਹੈ। ਉਹ ਅੱਜ ਨੋਟਬੰਦੀ ਨੂੰ 'ਕਾਲਾ ਦਿਵਸ' ਮਨਾਉਣ ਮੌਕੇ ਕਾਂਗਰਸੀ ਕਾਰਕੁਨਾਂ ਵਲੋਂ ਸਿਵਲ ਹਸਪਤਾਲ ਚੌਂਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਬੰਧੀ ਕਰਵਾਏ ਗਏ ਰੋਸ ਪ੍ਰਦਰਸ਼ਨ 'ਚ ਸ਼ਾਮਲ ਹੋਣ ਆਏ ਸਨ। ਬਲਾਕ ਪ੍ਰਧਾਨ ਠਾਕੁਰ ਕਵਰਜੀਤ ਸਿੰਘ ਦੀ ਅਗਵਾਈ ਵਿਚ ਹੋਏ ਇਸ ਰੋਸ ਪ੍ਰਦਰਸ਼ਨ ਹਲਕਾ ਵਿਧਾਇਕ ਰਜਨੀਸ਼ ਬੱਬੀ ਸਮੇਤ ਹੋਰ ਆਗੁਆਂ ਨੇ ਵੀ ਸ਼ਿਰਕਤ ਕੀਤੀ।ਸ੍ਰੀ ਜਾਖੜ ਨੇ ਕਿਹਾ ਕਿ ਨੋਟਬੰਦੀ ਕੇਂਦਰ ਦੀ ਮੋਦੀ ਸਰਕਾਰ ਦਾ ਬਿਨਾਂ ਸੋਚੇ ਸਮਝੇ ਲਿਆ ਫ਼ੈਸਲਾ ਸੀ ਜਿਸ ਬਾਰੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਉੱਘੇ ਅਰਥਸ਼ਾਸ਼ਤਰੀ ਡਾ. ਮਨਮੋਹਨ ਸਿੰਘ ਨੇ ਪਹਿਲਾਂ ਹੀ ਦੇਸ਼ ਦੀ ਜੀਡੀਪੀ 2 ਫ਼ੀ ਸਦੀ ਘੱਟਣ ਦੇ ਸੰਕੇਤ ਦੇ ਦਿਤੇ ਸਨ ਜਿਹੜੇ ਸੱਚ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਨੋਟਬੰਦੀ ਦਾ ਸੱਭ ਤੋਂ ਵੱਧ ਨੁਕਸਾਨ ਆਮ ਲੋਕਾਂ ਨੂੰ ਹੋਇਆ ਹੈ,
ਜਿਹੜੇ ਰੁਜ਼ਗਾਰ ਤੋਂ ਵਾਂਝੇ ਹੋਣ ਦੇ ਨਾਲ ਨਾਲ ਦੋ ਵਕਤ ਦੀ ਰੋਟੀ ਤੋਂ ਵੀ ਆਤੁਰ ਹੋ ਗਏ ਹਨ। ਇਸ ਦੇ ਚਲਦਿਆਂ ਹੀ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਨੋਟਬੰਦੀ ਨੂੰ ਕਾਲੇ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਜੀਐਸਟੀ ਨੂੰ ਵਪਾਰ ਮਾਰੂ ਤੇ ਰੁਜ਼ਗਾਰ ਮਾਰੂ ਫ਼ੈਸਲਾ ਕਰਾਰ ਦਿੰਦਿਆਂ ਕਿਹਾ ਕਿ ਜੀਐਸਟੀ ਨੇ ਵਪਾਰੀਆਂ ਸਮੇਤ ਹਰ ਕਾਰੋਬਾਰੀ ਵਰਗ ਨੂੰ ਤਬਾਹ ਕਰ ਕੇ ਰੱਖ ਦਿਤਾ ਹੈ। ਇਸ ਮੌਕੇ ਵਿਧਾਇਕ ਬੱਬੀ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ 2000 ਦਾ ਨੋਟ ਬੰਦ ਕਰਨ ਸਮੇਤ ਹੋਰ ਕਈ ਤਰ੍ਹਾਂ ਦੇ ਕੀਤੇ ਜਾ ਰਹੇ ਗੁਰਮਾਹਕੁਨ ਪ੍ਰਚਾਰ ਕਰਨ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ। ਮੋਦੀ ਸਰਕਾਰ ਲੋਕਾਂ ਨੂੰ ਡਰਾ ਧਮਕਾ ਕੇ ਅਪਣਾ ਰਾਜ ਕਾਇਮ ਰੱਖਣਾ ਚਾਹੁੰਦੀ ਹੈ ਜਿਸ ਨੂੰ ਦੇਸ਼ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਤਰਸੇਮ ਮਿਨਹਾਸ, ਪ੍ਰਿੰਸੀਪਲ ਗੁਰਦਿਆਲ ਸਿੰਘ, ਮਾਸਟਰ ਸੇਵਾ ਸਿੰਘ, ਕੁਲਭੂਸ਼ਨ ਸੋਹਲ, ਮਹੰਤ ਸੁਨੀਲ ਕੁਮਾਰ, ਰਣਯੋਧ ਕੁੱਕੂ, ਜਸਵੰਤ ਸਿੰਘ ਰੰਧਾਵਾ, ਬਲਵਿੰਦਰ ਬਿੰਘਾ, ਅਸ਼ਵਨੀ ਕੁਮਾਰ, ਬਿੱਟੂ ਵਾਲੀਆ ਆਦਿ ਵੀ ਹਾਜ਼ਰ ਸਨ।