ਚੰਡੀਗੜ੍ਹ, 25 ਅਕਤੂਬਰ (ਨੀਲ ਭਲਿੰਦਰ ਸਿੰਘ): ਸੀਬੀਆਈ (ਕੇਂਦਰੀ ਜਾਂਚ ਬਿਊਰੋ) ਨੇ ਬਲਾਤਕਾਰ ਦੇ ਦੋਸ਼ਾਂ 'ਚ ਜੇਲੀ ਡੱਕੇ ਸੌਦਾ ਸਾਧ ਰਾਮ ਰਹੀਮ, ਡੇਰੇ ਦੇ ਕੁੱਝ ਤਤਕਾਲੀ ਡਾਕਟਰਾਂ ਅਤੇ ਕੁੱਝ ਹੋਰਨਾਂ ਡੇਰਾ ਪ੍ਰਬੰਧਕਾਂ ਵਿਰੁਧ ਲੱਗੇ ਸੈਂਕੜੇ ਸਾਧੂਆਂ ਨੂੰ ਜਬਰੀ ਨਿਪੁੰਸਕ ਬਣਾਉਣ ਦੇ ਦੋਸ਼ਾਂ ਦੀ ਜਾਂਚ ਤਹਿਤ ਅੱਜ ਹਾਈ ਕੋਰਟ ਨੂੰ ਅਪਣੀ ਜਾਂਚ ਬਾਬਤ ਹੁਣ ਤਕ ਦੀ ਦਸਵੀਂ ਲਿਫ਼ਾਫ਼ਾਬੰਦ ਸਟੇਟਸ ਰੀਪੋਰਟ ਸੌਂਪ ਦਿਤੀ ਹੈ। ਹਾਲਾਂਕਿ ਅੱਜ ਉਮੀਦ ਮੁਕੰਮਲ ਜਾਂਚ ਰੀਪੋਰਟ ਦੀ ਕੀਤੀ ਜਾ ਰਹੀ ਸੀ ਪਰ ਏਜੰਸੀ ਦੇ ਅੰਦਰੂਨੀ ਸੂਤਰਾਂ ਮੁਤਾਬਕ ਸੌਦਾ ਸਾਧ ਅਤੇ ਉਸ ਦੇ ਡੇਰੇ ਦਾ ਸਿਆਸੀ ਪ੍ਰਭਾਵ ਲਗਭਗ ਖ਼ਤਮ ਹੋ ਚੁਕਾ ਹੋਣ ਮਗਰੋਂ ਏਜੰਸੀ ਨੇ ਹੁਣ ਇਸ ਮਾਮਲੇ ਦੀ ਪੂਰੀ ਤਹਿ ਤਕ ਜਾਣ ਦਾ ਮਨ ਬਣਾ ਲਿਆ ਹੈ। ਸੀਬੀਆਈ ਵਲੋਂ ਅੱਜ ਪੇਸ਼ ਕੀਤੀ ਰੀਪੋਰਟ ਪੂਰੀ ਤਰ੍ਹਾਂ ਗੁਪਤ ਹੈ। ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ ਮਿਲੀਆਂ ਕਨਸੋਆਂ ਮੁਤਾਬਕ ਪੰਚਕੂਲਾ ਹਿੰਸਾ ਦੌਰਾਨ ਸੌਦਾ ਸਾਧ ਦੇ ਫੜੇ ਗਏ ਕਰੀਬੀਆਂ ਖ਼ਾਸਕਰ ਨਿਜੀ ਮਰਦ ਸਟਾਫ ਦੇ ਕਈ ਜਣੇ ਨਿੰਪੁਸਕ ਪਾਏ ਗਏ ਹਨ।
'ਰੋਜ਼ਾਨਾ ਸਪੋਕਸਮੈਨ' ਵਲੋਂ ਦੋ ਹਫ਼ਤੇ ਪਹਿਲਾਂ ਹੀ ਇਹ ਪ੍ਰਗਟਾਵਾ ਕੀਤਾ ਜਾ ਚੁਕਾ ਹੈ ਕਿ ਪੰਚਕੂਲਾ ਹਿੰਸਾ ਮਾਮਲੇ 'ਚ ਫੜੇ ਗਏ ਕੁੱਝ ਅਹਿਮ ਡੇਰਾ ਪ੍ਰੇਮੀ ਖਾਸਕਰ ਸਾਧ ਦੇ ਰਸੋਈਏ ਧਰਮ ਸਿੰਘ, ਰਤਨ ਸਿੰਘ, ਰਾਕੇਸ਼ ਕੁਮਾਰ ਆਦਿ ਇਕ ਵਿਸ਼ੇਸ਼ ਵਿੰਗ (ਮਨ ਸੁਧਾਰ ਫ਼ੋਰਸ) ਨਾਲ ਸਬੰਧਤ ਹਨ ਅਤੇ ਉਨ੍ਹਾਂ ਨੂੰ ਨਿਪੁੰਸਕ ਬਣਾਇਆ ਜਾ ਚੁੱਕਾ ਹੈ। ਇਸ ਬਾਰੇ ਪੁਲਿਸ ਰੀਮਾਂਡ ਦੌਰਾਨ ਮੈਡੀਕਲ ਪੁਸ਼ਟੀ ਹੋ ਚੁਕੀ ਹੋਣ ਦੀ ਵੀ ਜਾਣਕਾਰੀ ਮਿਲੀ ਹੈ।