ਪੈਦਲ ਪੈਟਰੋਲਿੰਗ ਟੀਮਾਂ ਕਰਨਗੀਆਂ ਮੋਹਾਲੀ ਦੇ ਭੀੜ-ਭੜੱਕੇ ਵਾਲੀਆਂ ਥਾਵਾਂ ਦੀ ਰਾਖੀ

ਖ਼ਬਰਾਂ, ਪੰਜਾਬ

ਐਸ.ਏ.ਐਸ. ਨਗਰ 16 ਅਕਤੂਬਰ (ਗੁਰਮੁਖ ਵਾਲੀਆ) :  ਪੰਜਾਬ ਪੁਲਿਸ ਵਲੋਂ ਇਕ ਹੋਰ ਪਹਿਲ ਕਦਮੀ ਕਰਦਿਆਂ ਰਾਜ ਵਿਚ ਪੈਦਲ ਪੈਟਰੋਲਿੰਗ ਸ਼ੁਰੂ ਕੀਤੀ ਗਈ ਹੈ। ਪਹਿਲੇ ਪੜਾਅ ਦੌਰਾਨ ਪੈਦਲ ਪੈਟਰੌਲਿੰਗ ਰਾਜ ਦੇ ਐਸ.ਏ.ਐਸ. ਨਗਰ, ਪਟਿਆਲਾ, ਬਠਿੰਡਾ, ਅੰਮ੍ਰਿਤਸਰ, ਜਲੰਧਰ, ਲੁਧਿਆਣਾ ਵਿਖੇ ਸ਼ੁਰੂਆਤ ਕੀਤੀ ਗਈ। ਇਸ ਗੱਲ ਦਾ ਖੁਲਾਸਾ ਡੀ.ਆਈ.ਜੀ. ਰੂਪਨਗਰ ਰੇਂਜ ਬਾਬੂ ਲਾਲ ਮੀਨਾ ਨੇ ਪੀ.ਸੀ.ਏ. ਸਟੇਡੀਅਮ ਵਿਖੇ ਪੈਦਲ ਪੈਟਰੋਲਿੰਗ ਟੀਮਾਂ ਨੂੰ ਹਰੀ ਝੰਡੀ ਦਿਖਾਉਣ ਤੋਂ ਪਹਿਲਾਂ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ ਕੀਤਾ।ਡੀ.ਆਈ.ਜੀ. ਰੂਪਨਗਰ ਰੇਂਜ ਨੇ ਦਸਿਆ ਕਿ ਮੋਹਾਲੀ ਸ਼ਹਿਰ ਲਈ ਪੰਜ ਟੀਮਾਂ ਬਣਾਈਆਂ ਗਈਆਂ ਹਨ ਅਤੇ ਹਰੇਕ ਥਾਣੇ ਵਿਚ ਇਕ-ਇਕ ਟੀਮ ਦਾ ਗਠਨ ਕੀਤਾ ਗਿਆ ਹੈ, 

ਹਰੇਕ ਟੀਮ 'ਚ ਪੰਜ ਪੁਲਿਸ ਕਰਮਚਾਰੀ ਸ਼ਾਮਲ ਕੀਤੇ ਗਏ ਹਨ ਤੇ ਟੀਮ ਦੇ ਇੰਚਾਰਜ ਏ.ਐਸ.ਆਈ. ਹੋਣਗੇ। ਉਨ੍ਹਾਂ ਦਸਿਆ ਕਿ ਮੋਹਾਲੀ ਸ਼ਹਿਰ ਵਿਚ ਇਹ ਪੰਜ ਟੀਮਾਂ ਭੀੜ-ਭੜੱਕੇ ਵਾਲੀਆਂ ਥਾਵਾਂ ਜਿਸ ਵਿਚ ਮਾਰਕੀਟਾਂ ਸ਼ਾਮਲ ਹਨ, ਵਿਖੇ ਸਵੇਰੇ 9 ਤੋਂ 11: 00 ਵਜੇ ਅਤੇ ਸ਼ਾਮ ਨੂੰ 6 ਤੋਂ 8:00 ਵਜੇ ਤਕ ਰੋਜ਼ਾਨਾ ਪੈਦਲ ਪੈਟਰੌਲਿੰਗ ਕਰਿਆ ਕਰਨਗੀਆਂ। ਇਹ ਪੈਟਰੋਲਿੰਗ ਅਮਨ-ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਦੇ ਨਾਲ-ਨਾਲ ਸ਼ਹਿਰ 'ਚ ਕਰਾਇਮ, ਲੁੱਟ-ਖੋਹ ਅਤੇ ਹੋਰ ਛੋਟੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਵਿਚ ਬੇਹੱਦ ਸਹਾਈ ਹੋਵੇਗੀ ਅਤੇ ਟੀਮਾਂ ਨਾਲ ਜਿੱਥੇ ਕਰਾਈਮ ਘਟੇਗਾ ਉਥੇ ਨਸ਼ਿਆਂ ਦੇ ਸੌਦਾਗਰਾਂ ਅਤੇ ਮਾੜੇ ਅਨਸਰਾਂ 'ਤੇ ਨਿਗ੍ਹਾ ਰੱਖਣ ਦੇ ਨਾਲ-ਨਾਲ ਪੁਲਿਸ ਗਤੀਵਿਧੀਆਂ ਵਿਚ ਵਾਧੇ ਲਈ ਵੀ ਸਹਾਈ ਹੋਣਗੀਆਂ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ, ਐਸ.ਪੀ. ਸਿਟੀ ਜਗਜੀਤ ਸਿੰਘ ਜੱਲਾ, ਡੀ.ਐਸ.ਪੀ. ਅਮਰੋਜ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।